ਠੰਢ ਦਾ ਕਹਿਰ: ਯੂਟੀ ਦੇ ਬੋਰਡ ਜਮਾਤਾਂ ਨੂੰ ਛੱਡ ਕੇ ਸਕੂਲ 10 ਤਕ ਬੰਦ
ਆਨਲਾੲੀਨ ਜਮਾਤਾਂ ਲਾ ਸਕਣਗੇ ਸਕੂਲ; ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦਾ ਸਮਾਂ ਬਦਲਿਆ; ਸੰਘਣੀ ਧੁੰਦ ਤੇ ਠੰਢ ਵਧਣ ਦੀ ਪੇਸ਼ੀਨਗੋੲੀ ਦੇ ਮੱਦੇਨਜ਼ਰ ਲਿਆ ਫੈਸਲਾ; ਸਕੂਲਾਂ ਵਿਚ ਸ਼ਾਮ ਦੀ ਸ਼ਿਫਟ ਨੂੰ ਬੰਦ ਕੀਤਾ
ਯੂਟੀ ਦੇ ਠੰਢ ਵਧਣ ਤੇ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਅੱਠਵੀਂ ਜਮਾਤ ਤਕ ਦੇ ਸਰਕਾਰੀ ਤੇ ਨਿੱਜੀ ਸਕੂਲ 10 ਜਨਵਰੀ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਹੁਕਮ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਵੀ ਲਾਗੂ ਹੋਣਗੇ। ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿਚ ਸੱਤ ਜਨਵਰੀ ਤਕ ਛੁੱਟੀਆਂ ਸਨ। ਸੀਨੀਅਰ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਠੰਢ ਨਾ ਘਟੀ ਤਾਂ ਛੁੱਟੀਆਂ ਹੋਰ ਵਧਾਈਆਂ ਜਾਣਗੀਆਂ।
ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਅੱਠਵੀਂ ਜਮਾਤ ਤਕ ਤੇ ਨਾਨ ਬੋਰਡ ਜਮਾਤਾਂ ਨੌਵੀਂ ਤੇ ਗਿਆਰ੍ਹਵੀਂ ਦੀਆਂ ਆਨਲਾਈਨ ਜਮਾਤਾਂ ਲਾਉਣ ਜਾਂ ਨਾ ਲਾਉਣ ਬਾਰੇ ਆਪਣੇ ਪੱਧਰ ’ਤੇ ਫੈਸਲਾ ਕਰ ਸਕਦੇ ਹਨ। ਇਸ ਤੋਂ ਇਲਾਵਾ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਅੱਜ ਸਿੱਖਿਆ ਵਿਭਾਗ ਦੇ ਡਾਇਰੈਕਟਰ ਨਿਤੀਸ਼ ਸਿੰਗਲਾ ਨੇ ਜਾਰੀ ਕੀਤੇ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਦੋ ਸ਼ਿਫ਼ਟਾਂ ਵਾਲੇ ਸਕੂਲ ਸ਼ਾਮ ਵਾਲੀ ਸ਼ਿਫਟ ਵਿਚ ਨਹੀਂ ਲੱਗਣਗੇ ਤੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਵੇਰੇ ਸੱਦਿਆ ਜਾਵੇ।

