ਇੱਥੋਂ ਨੇੜਲੇ ਪਿੰਡ ਸਨੇਟਾ ਵਿੱਚ ਅੱਜ ਸ਼ਾਮੀਂ ਹੋਈ ਲੋਕ ਮਿਲਣੀ ਵਿੱਚ ਹੋਏ ਵਿਸ਼ਾਲ ਇਕੱਠ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਖੁਸ਼ ਨਜ਼ਰ ਆਏ। ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੇ ਨਿੱਜੀ ਦਿਲਚਸਪੀ ਲੈਂਦਿਆਂ ਵੱਡੀ ਇਕੱਤਰਤਾ ਕੀਤੀ ਅਤੇ ਦੋਵੇਂ ਪਿਓ-ਪੁੱਤਰ ਮੁੱਖ ਮੰਤਰੀ ਦੀ ਲੋਕ ਮਿਲਣੀ ਲਈ ਲਗਾਤਾਰ ਸਾਰੀਆਂ ਤਿਆਰੀਆਂ ਦੀ ਨਿਗਰਾਨੀ ਕਰਦੇ ਰਹੇ। ਵੱਡੇ ਇਕੱਠ ਕਾਰਨ ਪ੍ਰਬੰਧਕਾਂ ਦੇ ਸਾਰੇ ਪ੍ਰਬੰਧ ਛੋਟੇ ਪੈ ਗਏ। ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮਹਿਲਾਵਾਂ ਸਮਾਗਮ ਦੇ ਸਥਾਨ ਦੇ ਆਲੇ-ਦੁਆਲੇ ਦੇ ਘਰਾਂ ਅਤੇ ਬਨੇਰਿਆਂ ’ਤੇ ਬੈਠੇ ਵਾਰ-ਵਾਰ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ 50 ਮਿੰਟ ਦੇ ਕਰੀਬ ਇਕੱਠ ਨੂੰ ਸੰਬੋਧਨ ਕੀਤਾ। ਉਹ ਵਾਰ-ਵਾਰ ਭਰਵੇਂ ਇਕੱਠ ਦੀ ਸਰਾਹਨਾ ਕਰਦੇ ਰਹੇ। ਭਾਸ਼ਨ ਦੇ ਅਖ਼ੀਰ ਵਿੱਚ ਉਨ੍ਹਾਂ ਨਾਲ ਖੜ੍ਹੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਨੇੜੇ ਬੁਲਾਇਆ ਤੇ ਉਨ੍ਹਾਂ ਦੀ ਬਾਂਹ ਉੱਪਰ ਚੁੱਕਦਿਆਂ ਕਿਹਾ ਕਿ ਉਹ ਬਹੁਤ ਗਰੀਬੀ ਵਿੱਚੋਂ ਆਪਣੀ ਮਿਹਨਤ ਰਾਹੀਂ ਬਹੁਤ ਉਚਾਈਆਂ ’ਤੇ ਪਹੁੰਚੇ ਹਨ ਅਤੇ ਲੋਕਾਂ ਨਾਲ ਤੇ ਜ਼ਮੀਨ ਨਾਲ ਜੁੜੇ ਹੋਏ ਲੀਡਰ ਹਨ।
ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੀ ਲੋਕਪ੍ਰਿਯਤਾ ਹੀ ਹੈ ਕਿ ਉਹ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹੋਣ ਦੇ ਬਾਵਜੂਦ ਮੁਹਾਲੀ ਦੀ ਜਨਰਲ ਸੀਟ ਤੋਂ ਜਿੱਤ ਕੇ ਲੋਕਾਂ ਦੇ ਸੇਵਾ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਰੇ ਮੰਗ ਪੱਤਰ ਵਿਧਾਇਕ ਨੂੰ ਸੌਂਪ ਦੇਣਾ, ਵਿਧਾਇਕ ਜੋ ਵੀ ਉਨ੍ਹਾਂ ਨੂੰ ਕਹਿਣਗੇ ਉਹ ਹਸਤਾਖ਼ਰ ਕਰ ਦੇਣਗੇ। ਉਨ੍ਹਾਂ ਵਿਧਾਇਕ ਕੁਲਵੰਤ ਸਿੰਘ ਨੂੰ ਭਵਿੱਖ ਵਿਚ ਵੀ ਮੁਹਾਲੀ ਹਲਕੇ ਦਾ ਸੇਵਾਦਾਰ ਦੱਸਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਵਾਲੇ ਹਨ ਅਤੇ ਸਰਕਾਰ ਨੂੰ ਵੀ ਆਪਣੀ ਇੱਕ ਨੰਬਰ ਦੀ ਕਮਾਈ ਦਾ ਵੱਡਾ ਟੈਕਸ ਅਦਾ ਕਰਦੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਦੀ ਇਸ ਫ਼ਰਾਖ਼ਦਿਲੀ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਸਮਾਗਮ ਵਿੱਚ ਪਹੁੰਚੇ ਹਲਕਾ ਵਾਸੀਆਂ ਦਾ ਵੀ ਧੰਨਵਾਦ ਕੀਤਾ।
ਕਈ ਵਫ਼ਦ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਤੋਂ ਖੁੰਝੇ
ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਵਿੱਚ ਪਹੁੰਚੇ ਅਨੇਕਾਂ ਵਫ਼ਦ ਮੁੱਖ ਮੰਤਰੀ ਤੱਕ ਆਪਣਾ ਮੰਗ ਪੱਤਰ ਨਹੀਂ ਪਹੁੰਚਾ ਸਕੇ। ਭਾਸ਼ਨ ਖ਼ਤਮ ਹੋਣ ਉਪਰੰਤ ਮੁੱਖ ਮੰਤਰੀ ਨੇ ਸਟੇਜ ’ਤੇ ਖੜ੍ਹ ਕੇ ਕੁੱਝ ਲੋਕਾਂ ਦੀਆਂ ਸ਼ਿਕਾਇਤਾਂ ਵਾਲੇ ਕਾਗਜ਼ ਖ਼ੁਦ ਹਾਸਲ ਕੀਤੇ ਅਤੇ ਬਾਕੀਆਂ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦੇਣ ਲਈ ਕਹਿ ਕੇ ਸਮਾਗਮ ਵਿੱਚੋਂ ਚਲੇ ਗਏ। ਪਿੰਡ ਦੁਰਾਲੀ ਦੇ ਸਰਪੰਚ ਮਲਕੀਤ ਸਿੰਘ, ਨੰਬਰਦਾਰ ਬਹਾਦਰ ਸਿੰਘ ਤੇ ਕਈ ਹੋਰਾਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ 101 ਅਤੇ 103 ਸੈਕਟਰਾਂ ਵਿੱਚ ਪੈਂਦੀ ਜ਼ਮੀਨ ਨੂੰ ਸਨਅਤੀ ਖੇਤਰ ਤੋਂ ਰਿਹਾਇਸ਼ੀ ਖੇਤਰ ਵਿੱਚ ਤਬਦੀਲ ਕਰਾਉਣ ਲਈ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਗਏ ਸਨ। ਪੁਲੀਸ ਨੇ ਉਨ੍ਹਾਂ ਨੂੰ ਨੇੜੇ ਨਹੀਂ ਜਾਣ ਦਿੱਤਾ, ਜਿਸ ਕਾਰਨ ਉਹ ਇਵੇਂ ਹੀ ਬੇਰੰਗ ਪਰਤ ਆਏ। ਇਸੇ ਤਰ੍ਹਾਂ ਜਨਰਲ ਕੈਟਾਗਰੀ ਫੈਡਰੇਸ਼ਨ ਦਾ ਵਫ਼ਦ ਜਸਵੀਰ ਸਿੰਘ ਗੜਾਂਗ, ਆਰ ਐੱਸ ਸਰਾਓ ਅਤੇ ਹੋਰਨਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਲਈ ਮੰਗ ਪੱਤਰ ਦੇਣ ਆਏ ਹੋਏ ਸਨ ਪਰ ਉਨ੍ਹਾਂ ਦੀ ਵੀ ਮੁਲਾਕਾਤ ਨਾ ਹੋ ਸਕੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ਼ ਆਪਣਾ ਭਾਸ਼ਨ ਹੀ ਦਿੱਤਾ ਹੈ ਅਤੇ ਲੋਕ ਮਿਲਣੀ ਤਾਂ ਕਿਸੇ ਨਾਲ ਕੀਤੀ ਹੀ ਨਹੀਂ। ਇਵੇਂ ਹੀ ਸਨੇਟਾ ਪਿੰਡ ਦੇ ਕਈ ਵਸਨੀਕਾਂ ਦੀਆਂ ਅਰਜ਼ੀਆਂ ਵੀ ਹੱਥਾਂ ਵਿੱਚ ਹੀ ਰਹਿ ਗਈਆਂ ਅਤੇ ਸਨੇਟਾ ਪਿੰਡ ਦੇ ਸਕੂਲ ਨੂੰ ਹਾਈ ਤੋਂ ਸੀਨੀਅਰ ਸੈਕੰਡਰੀ ਦੀ ਉਮੀਦ ਲਗਾਈ ਬੈਠੇ ਪਿੰਡ ਵਾਸੀਆਂ ਦੇ ਪੱਲੇ ਵੀ ਨਿਰਾਸ਼ਾ ਹੀ ਪਈ। ਭਾਗੋਮਾਜਰਾ ਤੋਂ ਦੈੜੀ ਏਅਰਪੋਰਟ ਤੱਕ ਸੜਕ ਵਿਚ ਡਿਵਾਈਡਰ ਪਾਉਣ, ਸਨੇਟਾ ਦੇ ਵੈਟਰਨਰੀ ਡਿਸਪੈਂਸਰੀ ਨੂੰ ਅਪਗਰੇਡ ਕਰਕੇ ਹਸਪਤਾਲ ਬਣਾਉਣ ਦੀ ਮੰਗ ਨੂੰ ਵੀ ਬੂਰ ਨਾ ਪਿਆ। ਪਿੰਡ ਤਸੌਲੀ ਦੇ ਵਸਨੀਕ ਜੋ ਕਿ ਪ੍ਰਸਤਾਵਿਤ ਰੇਲਵੇ ਲਾਈਨ ਵਿੱਚ ਆਉਣ ਵਾਲੀ ਜ਼ਮੀਨ ਸਬੰਧੀ ਕੀਮਤ ਪੂਰੀ ਨਾ ਮਿਲਣ ਸਬੰਧੀ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਦੀ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਹੋ ਸਕੀ।

