ਮੰਡੀਆਂ ’ਚ ਬਿਜਲੀ ਤੇ ਜਲ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲੀ
ਬਨੂੜ ਦੀ ਮੰਡੀ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਬਿਜਲੀ ਦੇ ਘੰਟਿਆਂਬੱਧੀ ਲੱਗ ਰਹੇ ਕੱਟਾਂ ਨੇ ਮੰਡੀਆਂ ਵਿੱਚ ਨਿਰਵਿਘਨ ਬਿਜਲੀ ਅਤੇ ਪਾਣੀ ਸਪਲਾਈ ਮੁਹੱਈਆ ਕਰਾਉਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਹਨੇਰਾ ਹੁੰਦਿਆਂ ਹੀ ਬਿਜਲੀ ਕੱਟਾਂ ਕਾਰਨ ਮੰਡੀਆਂ ਹਨੇਰੇ ਵਿੱਚ...
ਬਨੂੜ ਦੀ ਮੰਡੀ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਬਿਜਲੀ ਦੇ ਘੰਟਿਆਂਬੱਧੀ ਲੱਗ ਰਹੇ ਕੱਟਾਂ ਨੇ ਮੰਡੀਆਂ ਵਿੱਚ ਨਿਰਵਿਘਨ ਬਿਜਲੀ ਅਤੇ ਪਾਣੀ ਸਪਲਾਈ ਮੁਹੱਈਆ ਕਰਾਉਣ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਹਨੇਰਾ ਹੁੰਦਿਆਂ ਹੀ ਬਿਜਲੀ ਕੱਟਾਂ ਕਾਰਨ ਮੰਡੀਆਂ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ, ਜਿਸ ਕਾਰਨ ਕਿਸਾਨ, ਆੜਤੀ ਅਤੇ ਝੋਨੇ ਦੀ ਭਰਾਈ ਤੇ ਸਫ਼ਾਈ ਕਰਨ ਵਾਲੀ ਲੇਬਰ ਬੇਹੱਦ ਪ੍ਰੇਸ਼ਾਨ ਹਨ।
ਬਨੂੜ ਮੰਡੀ ਵਿੱਚ ਝੋਨਾ ਵੇਚਣ ਆ ਰਹੇ ਪਿੰਡ ਬਠਲਾਣਾ ਦੇ ਸਰਪੰਚ ਹਰਪਾਲ ਸਿੰਘ, ਚੌਧਰੀ ਪਾਲ ਰਾਮ ਸਨੇਟਾ ਅਤੇ ਕਈਂ ਹੋਰਨਾਂ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਸ਼ਾਮੀਂ ਪੰਜ ਵਜੇ ਤੋਂ ਅੱਠ ਵਜੇ ਰਾਤ ਤੱਕ ਕੱਟ ਲੱਗਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਇਸੇ ਸਮੇਂ ਕੱਟ ਲੱਗ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਿਜਲੀ ਦੇ ਕੱਟਾਂ ਕਾਰਨ ਮੰਡੀਆਂ ਵਿਚ ਘੁੱਪ ਹਨੇਰਾ ਹੋ ਜਾਣ ਕਾਰਨ ਝੋਨੇ ਦੀ ਚੋਰੀ ਹੋਣ ਦਾ ਵੀ ਡਰ ਰਹਿੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਭਰਾਈ ਲਈ ਉਨ੍ਹਾਂ ਨੂੰ ਆਪਣੇ ਮੋਬਾਈਲਾਂ ਦੀਆਂ ਲਾਇਟਾਂ ਜਗਾ ਕੇ ਕੰਡੇ ਉੱਤੇ ਤੋਲ ਕਰਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਰੈਕਟਰਾਂ ਦੀਆਂ ਲਾਈਟਾਂ ਜਗਾ ਕੇ ਵੀ ਕੰਮ ਸਾਰਨਾ ਪੈ ਰਿਹਾ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ ਬਨੂੜ ਨੇ ਦੱਸਿਆ ਕਿ ਮੰਡੀ ਵਿਚ ਬਿਜਲੀ ਦੇ ਵੱਡੇ ਕੱਟਾਂ ਕਾਰਨ ਆੜਤੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਮੰਡੀਆਂ ਵਿਚ ਇੰਨੇ ਲੰਮੇ ਕੱਟ ਨਹੀਂ ਲੱਗੇ, ਜਿੰਨੇ ਵੱਡੇ ਕੱਟ ਪਿਛਲੇ ਕੁੱਝ ਦਿਨਾਂ ਤੋਂ ਲੱਗ ਰਹੇ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਲੇਬਰ ਅਤੇ ਕਿਸਾਨਾਂ ਨੂੰ ਪਾਣੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਅਤੇ ਆੜਤੀਆਂ ਨੇ ਬਨੂੜ ਮੰਡੀ ਦੇ ਬਿਜਲੀ ਕੱਟ ਤੁਰੰਤ ਬੰਦ ਕਰਨ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਏ ਜਾਣ ਦੀ ਮੰਗ ਕੀਤੀ ਹੈ।
ਪਟਿਆਲਾ ਤੋਂ ਲੱਗ ਰਹੇ ਹਨ ਕੱਟ: ਐੱਸ ਡੀ ਓ
ਪਾਵਰਕੌਮ ਦੇ ਬਨੂੜ ਉਪ ਮੰਡਲ ਦੇ ਐੱਸ ਡੀ ਓ ਮੇਜਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਬੰਧਿਤ ਕੱਟ ਸਥਾਨਕ ਪੱਧਰ ’ਤੇ ਨਹੀਂ ਲਾਏ ਜਾ ਰਹੇ। ਉਨ੍ਹਾਂ ਕਿਹਾ ਕਿ ਇਹ ਕੱਟ ਪਟਿਆਲਾ ਤੋਂ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਕੱਟ ਕਾਰਨ ਬਨੂੜ ਮੰਡੀ ਵਿਚ ਆ ਰਹੀ ਦਿੱਕਤਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾ ਦਿੱਤਾ ਹੈ।

