ਕਰੋਨਾਵਾਇਰਸ: ਟ੍ਰਾਈਸਿਟੀ ਵਿੱਚ 127 ਨਵੇਂ ਕੇਸ

ਕਰੋਨਾਵਾਇਰਸ: ਟ੍ਰਾਈਸਿਟੀ ਵਿੱਚ 127 ਨਵੇਂ ਕੇਸ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਅਗਸਤ

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸ਼ੁੱਕਰਵਾਰ ਨੂੰ ਕਰੋਨਾ ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1169 ’ਤੇ ਪਹੁੰਚ ਗਈ ਹੈ। ਅੱਜ 23 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਵਿੱਚ ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਉਹ ਸੈਕਟਰ 32 ਦੇ ਜਨਰਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਮੌਤ ਤੋਂ ਬਾਅਦ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 18 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਅੱਜ ਕਰੋਨਾ ਪੀੜਤ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਇਕ ਸੈਕਟਰ 7 ਨਿਵਾਸੀ 82 ਸਾਲਾ ਵਿਅਕਤੀ ਤੇ ਦੂਜਾ ਸੈਕਟਰ 45 ਨਿਵਾਸੀ ਇੱਕ 77 ਸਾਲਾ ਵਿਅਕਤੀ ਹੈ ਜੋ ਸੈਕਟਰ 48 ਦੇ ਹਸਪਤਾਲ ’ਚ ਇਲਾਜ ਅਧੀਨ ਸਨ। ਤੀਜਾ ਮਰੀਜ਼ ਸੈਕਟਰ 39 ਦਾ ਵਸਨੀਕ 62 ਸਾਲਾ ਵਿਅਕਤੀ ਸੀ ਜਿਸ ਦਾ ਜੀਐਮ ਐਸਐਚ-16 ਵਿਖੇ ਇਲਾਜ ਚੱਲ ਰਿਹਾ ਸੀ। ਸ਼ਹਿਰ ਵਿੱਚ ਅੱਜ ਕਰੋਨਾ ਦੇ 47 ਹੋਰ ਮਰੀਜ਼ ਸਾਹਮਣੇ ਆਏ ਹਨ ਤੇ ਮਰਨ ਵਾਲਿਆਂ ਦੀ ਕੁੱਲ 23 ਹੋ ਚੁੱਕੀ ਹੋਈ ਹੈ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਦੇਰ ਰਾਤ ਤੋਂ ਹੁਣ ਤੱਕ 30 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਆਈਟੀਬੀਪੀ ਦੇ 8 ਜਵਾਨ ਸ਼ਾਮਲ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਨਵੇਂ ਮਰੀਜ਼ ਸੈਕਟਰ-15, 25, 12 ਏ, ਸੈਕਟਰ 19, 2, 21, 10, 20, ਇਸ ਤੋਂ ਇਲਾਵਾ ਪਿੰਡ ਮੌਲੀ, ਮੜਾਂਵਾਲਾ, ਪਿੰਜ਼ੌਰ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਕੁੱਲ 3 ਮੌਤਾਂ ਹੋ ਚੁੱਕੀਆਂ ਹਨ।

ਰੂਪਨਗਰ ਦੇ ਏਡੀਸੀ ਕਰੋਨਾ ਪਾਜ਼ੇਟਿਵ

ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਗੁਜਰਾਲ ਸਣੇ 5 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਰੂਪਨਗਰ ਦੀ ਇੱਕ 50 ਸਾਲਾ ਔਰਤ, ਇੱਕ 25 ਸਾਲਾ ਔਰਤ, ਇੱਕ 52 ਸਾਲਾ ਵਿਅਕਤੀ, 50 ਸਾਲਾ ਵਿਅਕਤੀ ਅਤੇ ਇੱਕ 39 ਸਾਲਾ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

ਕਰੋਨਾ ਪੀੜਤਾਂ ਨਾਲ ਭਰਨ ਲੱਗਿਆ ਗਿਆਨ ਸਾਗਰ ਹਸਪਤਾਲ

ਬਨੂੜ (ਪੱਤਰ ਪ੍ਰੇਰਕ): ਇਥੇ ਗਿਆਨ ਸਾਗਰ ਹਸਪਤਾਲ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 250 ਤੋਂ ਵੱਧ ਗਈ ਹੈ। ਹਸਪਤਾਲ ਦੇ ਕੋਵਿਡ ਯੂਨਿਟ ਵਿੱਚ 300 ਮਰੀਜ਼ਾਂ ਨੂੰ ਦਾਖਲ ਕਰਨ ਦੀ ਸਮਰੱਥਾ ਹੈ। ਗਿਆਨ ਸਾਗਰ ਵੱਲੋਂ ਪੰਜਾਬ ਸਰਕਾਰ ਨੂੰ 200 ਹੋਰ ਬੈੱਡ ਤਿਆਰ ਕਰਨ ਲਈ ਤਜਵੀਜ਼ ਭੇਜੀ ਗਈ ਸੀ ਪਰ ਹਾਲੇ ਤੱਕ ਹਸਪਤਾਲ ਨੂੰ ਉਸ ਬਾਰੇ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਵਿੱਚੋਂ ਇਸ ਸਮੇਂ 9 ਮਰੀਜ਼ ਆਈਸੀਯੂ ਵਿੱਚ ਦਾਖਿਲ ਹਨ। ਇਨ੍ਹਾਂ ਵਿੱਚੋਂ ਅੱਠ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਤੇ ਇੱਕ ਮਰੀਜ਼ ਵੈਂਟੀਲੇਟਰ ਉੱਤੇ ਹੈ।

ਅੰਬਾਲਾ ਵਿਚ ਇਕ ਹੋਰ ਮੌਤ; 79 ਨਵੇਂ ਕੇਸਾਂ ਦੀ ਪੁਸ਼ਟੀ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਵਿਚ ਕਰੋਨਾ ਮਹਾਮਾਰੀ ਨੇ ਅੱਜ 66 ਸਾਲਾ ਇਕ ਹੋਰ ਮਰੀਜ਼ ਦੀ ਜਾਨ ਲੈ ਲਈ। ਮ੍ਰਿਤਕ ਅੰਬਾਲਾ ਸ਼ਹਿਰ ਦੇ ਮਿਲਾਪ ਨਗਰ ਦਾ ਰਹਿਣ ਵਾਲਾ ਸੀ ਅਤੇ ਸੌਰਾਈਸਿਸ ਤੋਂ ਪੀੜਤ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਸੀ ਜਿਥੇ ਅੱਜ ਉਸ ਦੀ ਮੌਤ ਹੋ ਗਈ। ਇਸ ਮੌਤ ਨਾਲ ਅੰਬਾਲਾ ਵਿਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 19 ਤੇ ਪਹੁੰਚ ਗਿਆ ਹੈ। ਸਿਵਲ ਸਰਜਨ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਅੰਬਾਲਾ ਵਿਚ ਕੁਲ 79 ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਕਰੋਨਾ ਪਾਜ਼ੇਟਿਵ ਵਿਅਕਤੀ ਘਰੋਂ ਫ਼ਰਾਰ

ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਪੀਰਮੁਛੱਲਾ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ ਇਕਾਂਤਵਾਸ ਦੀ ਉਲੰਘਣਾ ਕਰਦੇ ਹੋਏ ਘਰ ਤੋਂ ਫ਼ਰਾਰ ਹੋ ਗਿਆ। ਸਿਹਤ ਵਿਭਾਗ ਨੂੰ ਇਸ ਦੀ ਭਿਣਕ ਲੱਗਣ ’ਤੇ ਉਨ੍ਹਾਂ ਮਰੀਜ਼ ਨੂੰ ਕਾਬੂ ਕਰ ਕੇ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All