ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਲੋਕਾਂ ਵੱਲੋਂ ਸੁਖਨਾ ਝੀਲ ’ਤੇ ਸੈਰ ਸਮੇਂ ਆਪਣੇ ਨਾਬਾਲਗ ਬੱਚਿਆਂ ਨੂੰ ਲਿਆਉਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਪੁਲੀਸ ਦੀ ਮਦਦ ਲੈਣ ਵਲ ਇਸ਼ਾਰਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਸੁਝਾਅ ਦੇ ਚੁੱਕੇ ਹਨ ਕਿ ਕਰੋਨਾ ਨਾਲ ਲੜਾਈ ਲੰਮੀ ਹੈ। ਇਸ ਲਈ ਅਹਿਤਿਆਤ ਵਰਤੀ ਜਾਵੇ। ਪਰੀਦਾ ਨੇ ਟਵੀਟ ਕੀਤਾ, ‘ ਪੜ੍ਹੇ ਲਿਖੇ ਲੋਕਾਂ ਨੂੰ ਛੋਟੇ ਬੱਚਿਆਂ ਨੂੰ ਸੁਖਨਾ ਝੀਲ ’ਤੇ ਲਿਆਉਂਦੇ ਵੇਖ ਕੇ ਦੁੱਖ ਹੁੰਦਾ ਹੈ।’ ਉਨ੍ਹਾਂ ਕਿਹਾ ‘ਮੈਨੂੰ ਇਨ੍ਹਾਂ ਮੂਰਖ ਲੋਕਾਂ ਦੀ ਹੱਸਦੇ ਹੋਏ ਕਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਦਾ ਕੋਈ ਦੁੱਖ ਨਹੀਂ, ਪਰ ਭਵਿੱਖ ਦੇ ਮਾਸੂਮ ਨੌਜਵਾਨਾਂ ਦੀ ਜਾਨ ਖਤਰੇ ਵਿੱਚ ਪਾਉਣਾ ਅਪਰਾਧ ਹੈ।’ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਪੁਲੀਸ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਤੇ ਇਸ ਸਬੰਧੀ ਲੋਕਾਂ ਤੋਂ ਸੁਝਾਅ ਮੰਗੇ ਹਨ। ਸ਼ਹਿਰ ਵਿੱਚ ਹਾਲ ਦੀ ਘੜੀ ਕਰੋਨਾ ਪੀੜਤਾਂ ਦੀ ਕੁਲ ਗਿਣਤੀ 304 ਹੈ ਤੇ 77 ਕੇਸ ਹਾਲੇ ਵੀ ਐਕਟਿਵ ਹਨ ਅਤੇ 222 ਵਿਅਕਤੀ ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ।