ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
‘ਛਠ ਪੂਜਾ’ ਤਿਉਹਾਰ ਨੂੰ ਲੈ ਕੇ ਸਿਟੀ ਬਿਊਟੀਫੁੱਲ ਚੰਡੀਗੜ੍ਹ ਪੂਰਵਾਂਚਲ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ। ਅੱਜ ਸੈਕਟਰ-42 ਸਥਿਤ ਨਿਊ ਲੇਕ ਤੋਂ ਇਲਾਵਾ ਮਲੋਆ, ਮਨੀਮਾਜਰਾ, ਰਾਮਦਰਬਾਰ ਸਣੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।
ਅੱਜ ਔਰਤਾਂ ਨੇ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਪੂਜਾ ਕੀਤੀ। ਇਸ ਪੂਜਾ ਦੇ ਨਾਲ ਹੀ ਅੱਜ ਛਠ ਪੂਜਾ ਨੂੰ ਰੀਤੀ-ਰਿਵਾਜ਼ ਨਾਲ ਪੂਰਾ ਕੀਤਾ ਗਿਆ। ਛਠ ਪੂਜਾ ’ਤੇ ਸ਼ਹਿਰ ਵਿੱਚ ਦਰਜਨਾਂ ਥਾਵਾਂ ’ਤੇ ਸਮਾਗਮ ਹੋਏ, ਜਿੱਥੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਆਗੂਆਂ ਨੇ ਪਹੁੰਚ ਕੇ ਪੂਰਵਾਂਚਲ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸੇ ਦੌਰਾਨ ਚੰਡੀਗੜ੍ਹ ਦੀ ਸਮਾਜ ਸੇਵੀ ਡਾ. ਸੰਦੀਪ ਕੌਰ ਸੰਧੂ ਨੇ ਵੀ ਨਿਊ ਲੇਕ ਵਿਖੇ ਪੂਰਵਾਂਚਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਸੈਕਟਰ-42 ਵਿੱਚ ਸਥਿਤ ਨਿਊ ਲੇਕ ਅਤੇ ਰਾਮਦਰਬਾਰ ਵਿੱਚ ਕੀਤੇ ਗਏ ਸਮਾਗਮਾਂ ਵਿੱਚ ਪਹੁੰਚ ਕੇ ਸਾਰਿਆਂ ਨੂੰ ਵਧਾਈ ਦਿੱਤੀ। ਡਾ. ਸੰਧੂ ਨੇ ਛਠ ਪੂਜਾ ਮੌਕੇ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਵੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਛਠ ਪੂਜਾ ਨੂੰ ਲੈ ਕੇ ਸੈਕਟਰ-42 ਸਥਿਤ ਝੀਲ, ਸੈਕਟਰ-56 ਰਾਮ ਲੀਲਾ ਗਰਾਊਂਡ, ਇੰਦਰਾ ਕਲੋਨੀ, ਸੈਕਟਰ-47, ਰਾਮਦਰਬਾਰ, ਸੈਕਟਰ-29, ਮਲੋਆ ਤੇ ਮਨੀਮਾਜਰਾ ਸਣੇ ਵੱਖ-ਵੱਖ ਥਾਵਾਂ ’ਤੇ ਸਮਾਗਮ ਉਲੀਕੇ ਗਏ। ਇਨ੍ਹਾਂ ਸਮਾਗਮਾਂ ’ਚ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ।
ਖਰੜ (ਪੱਤਰ ਪ੍ਰੇਰਕ): ਮਿਥਿਲਾ ਛਠ ਕਮੇਟੀ ਵੱਲੋਂ ਮਹਾਰਾਜਾ ਅਜ ਸਰੋਵਰ ਦੇ ਪਵਿੱਤਰ ਅਸਥਾਨ ’ਤੇ ਛਠ ਮਹਾਪਰਵ ਕਰਵਾਇਆ ਗਿਆ, ਜਿਸ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਮੌਕੇ ਸੰਗਤ ਨੇ ਅੱਜ ਸਰੋਵਰ ਦੇ ਪਾਣੀ ਵਿੱਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ।
ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਮੌਜੂਦਾ ਕੌਂਸਲਰ ਸ਼ਿਵਾਨ ਚੱਢਾ, ਸਮਾਜ ਸੇਵੀ ਪੰਕਜ ਚੱਢਾ ਸਮੇਤ ਵੱਡੀ ਗਿਣਤੀ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਮਿਥਿਲਾ ਛਠ ਕਮੇਟੀ ਦੇ ਪ੍ਰਧਾਨ ਨਵਕੁਮਾਰ ਅਤੇ ਹੋਰ ਅਹੁਦੇਦਾਰਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਇਸ ਝੀਲ ਦਾ ਵਿਸਥਾਰ ਕੀਤਾ ਜਾਵੇ ਕਿਉਂਕਿ ਅੱਜ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦਿਆਂ ਇਹ ਛੋਟੀ ਜਾਪਦੀ ਸੀ।
ਪੰਚਕੂਲਾ: ਨਦੀਆਂ ਕੰਢੇ ਹਜ਼ਾਰਾਂ ਪਰਵਾਸੀਆਂ ਨੇ ਕੀਤੀ ਛਠ ਪੂਜਾ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਘੱਗਰ ਅਤੇ ਹੋਰ ਨਦੀਆਂ ਅਤੇ ਪਿੰਡ ਅਭੈਪੁਰ ਤੇ ਸੈਕਟਰ-19 ਵਿੱਚ ਬਣੇ ਆਰਜ਼ੀ ਸਰੋਵਰਾਂ ’ਚ ਖੜ੍ਹੇ ਹੋ ਕੇ ਅੱਜ ਛਠ ਪੂਜਾ ਦੇ ਦੂਜੇ ਦਿਨ ਹਜ਼ਾਰਾਂ ਪਰਵਾਸੀ ਲੋਕਾਂ ਨੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ। ਇਸ ਦੌਰਾਨ ਪਰਵਾਸੀਆਂ ਨੇ ਦੱਸਿਆ ਕਿ ਸ਼ਾਮ ਨੂੰ ਡੁੱਬਦੇ ਸੂਰਜ ਅਤੇ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਪਿੱਛੇ ਭਾਵਨਾ ਇਹ ਹੈ ਕਿ ਜੋ ਚੜ੍ਹੇਗਾ ਉਹ ਉਤਰੇਗਾ ਵੀ। ਇਸ ਪੂਜਾ ਵਿੱਚ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਸ਼ਾਮਲ ਹੋਏ। ਮਹਿਲਾਵਾਂ ਨੇ ਪਾਣੀ ਵਿੱਚ ਖੜ੍ਹੇ ਕੇ ਅੱਜ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਛਠ ਪੂਜਾ ਮੌਕੇ ਪੂਰਵਾਂਚਲ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਘੱਗਰ ਨਦੀ ਕੰਢੇ ਸੈਕਟਰ-21 ਦੇ ਪੁਲ ਕੋਲ ਛੋਟੇ-ਛੋਟੇ ਕਈ ਧਾਮ ਬਣਾਏ ਗਏ ਹਨ ਤਾਂ ਜੋ ਛਠ ਪੂਜਾ ਕਰਨ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।