ਹਰਜੀਤ ਸਿੰਘ
ਜ਼ੀਰਕਪੁਰ, 16 ਸਤੰਬਰ
ਪੁਲੀਸ ਨੇ ਕੈਨੇਡਾ ਵਾਸੀ ਇੱਕ ਐੱਨਆਰਆਈ ਨਾਲ ਕੈਨੇਡੀਅਨ ਡਾਲਰ ਦੇਣ ਬਹਾਨੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਇਕ ਵਕੀਲ ਅਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੇਤਨ ਗੋਇਲ ਅਤੇ ਉਸ ਦੇ ਪਿਤਾ ਨਰਿੰਦਰ ਗੋਇਲ ਵਾਸੀ ਪਟਿਆਲਾ ਵਜੋਂ ਦੱਸੀ ਗਈ ਹੈ। ਪੁਲੀਸ ਨੂੰ ਸ਼ਿਕਾਇਤ ਵਿੱਚ ਸੁਖਵਿੰਦਰ ਸਿੰਘ ਵਾਸੀ ਪਟਿਆਲਾ ਮੂਲ ਰੂਪ ਵਾਸੀ ਕੈਨੇਡਾ ਨੇ ਦੱਸਿਆ ਕਿ ਲੰਘੇ ਦਿਨੀਂ ਉਹ ਇਕ ਵਕੀਲ ਨੂੰ ਮਿਲਣ ਲਈ ਜ਼ੀਰਕਪੁਰ ਗਿਆ ਸੀ। ਉਥੇ ਉਸ ਨੂੰ ਦੋ ਵਕੀਲ ਮਿਲੇ ਜਿਨ੍ਹਾਂ ਨੂੰ ਉਸ ਨੇ ਗੱਲਾਂ ਗੱਲਾਂ ਵਿੱਚ 40 ਹਜ਼ਾਰ ਕੈਨੇਡੀਅਨ ਡਾਲਰ ਖਰੀਦਣ ਦੀ ਗੱਲ ਆਖੀ। ਦੋਵਾਂ ਵਕੀਲਾਂ ਵਿੱਚ ਸ਼ਾਮਲ ਚੇਤਨ ਗੋਇਲ ਨਾਂਅ ਦੇ ਵਕੀਲ ਨੇ ਉਸ ਨੂੰ ਦੱਸਿਆ ਕਿ ਉਹ ਮਨੀ ਐਕਸਚੇਂਜ ਦਾ ਕੰਮ ਕਰਦਾ। ਉਸ ਨੇ ਵਕੀਲ ਦੇ ਭਰੋਸੇ ’ਤੇ ਉਸ ਨੂੰ 40 ਹਜ਼ਾਰ ਕੈਨੇਡੀਅਨ ਡਾਲਰ ਲੈਣ ਲਈ 22 ਲੱਖ 80 ਹਜ਼ਾਰ ਰੁਪਏ ਦੀ ਨਕਦੀ ਦੇ ਦਿੱਤੀ। ਵਕੀਲ ਚੇਤਨ ਗੋਇਲ ਨੇ ਉਸ ਨੂੰ ਦੋ ਦਿਨਾਂ ਵਿੱਚ ਨਕਦੀ ਦੇ ਬਦਲੇ 40 ਹਜ਼ਾਰ ਡਾਲਰ ਦੇਣ ਦਾ ਭਰੋਸਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਤੋਂ ਡਾਲਰ ਦੇਣ ਲਈ ਪੈਸੇ ਵਕੀਲ ਚੇਤਨ ਗੋਇਲ ਅਤੇ ਉਸ ਦੇ ਪਿਤਾ ਨਰਿੰਦਰ ਗੋਇਲ ਨੇ ਲਏ ਸਨ। ਸੁਖਵਿੰਦਰ ਸਿੰਘ ਮੁਤਾਬਕ ਮੁਲਜ਼ਮਾਂ ਨੇ ਉਸ ਨੂੰ ਨਾ ਤਾਂ ਡਾਲਰ ਦਿੱਤੇ ਅਤੇ ਨਾ ਹੀ ਪੈਸੇ ਵਾਪਸ ਕੀਤੇ। ਬਾਅਦ ਵਿੱਚ ਉਹ ਆਪਣੇ ਘਰੋਂ ਫ਼ਰਾਰ ਹੋ ਗਏ।