ਫੈਂਸੀ ਨੰਬਰ ਰੱਖਣ ਦੇ ਸ਼ੌਕੀਨ ਚੰਡੀਗੜ੍ਹੀਏ: ਇਸ ਵਾਰ 0001 ਦੇ ਮੁਕਾਬਲੇ 0003 ਨੰਬਰ ਜ਼ਿਆਦਾ ਮਹਿੰਗਾ ਵਿਕਿਆ
0003 ਨੰਬਰ 37.63 ਲੱਖ ਤੇ 0001 ਨੰਬਰ 23.55 ਲੱਖ ਰੁਪਏ ’ਚ ਹੋਇਆ ਨਿਲਾਮ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਵੀ ਆਈ ਪੀ (ਫੈਂਸੀ) ਨੰਬਰ ਰੱਖਣ ਦੇ ਸ਼ੌਕੀਨ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰਾਂ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ 'ਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਦੌਰਾਨ ਇੱਕ ਅਨੋਖੀ ਗੱਲ ਦੇਖਣ ਨੂੰ ਮਿਲੀ, ਜਿੱਥੇ ਨਵੀਂ ਸੀਰੀਜ਼ 'ਸੀ ਐੱਚ 01 ਡੀ ਈ ' (CH 01 DE) ਵਿੱਚ 0001 ਦੇ ਮੁਕਾਬਲੇ 0003 ਨੰਬਰ ਜ਼ਿਆਦਾ ਮਹਿੰਗਾ ਵਿਕਿਆ ਹੈ।
ਇਸ ਵਾਰ 0003 ਨੰਬਰ 37.63 ਲੱਖ ਰੁਪਏ ਅਤੇ 0001 ਨੰਬਰ 23.55 ਲੱਖ ਰੁਪਏ ਵਿੱਚ ਨਿਲਾਮ ਹੋਇਆ। ਹਾਲਾਂਕਿ ਆਮ ਤੌਰ ’ਤੇ 0001 ਨੰਬਰ ਸਭ ਤੋਂ ਮਹਿੰਗਾ ਵਿਕਦਾ ਹੈ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ 0001 ਨੰਬਰ ਨਾਲੋਂ 0003 ਨੰਬਰ ਮਹਿੰਗਾ ਨਿਲਾਮ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀ ਐੱਚ 01 ਡੀ ਈ ਸੀਰੀਜ਼ ਦਾ 0009 ਨੰਬਰ 12.30 ਲੱਖ ਰੁਪਏ, 0002 ਨੰਬਰ 10.22 ਲੱਖ ਰੁਪਏ, 0005 ਨੰਬਰ 9.86 ਲੱਖ ਰੁਪਏ, 0007 ਨੰਬਰ 9.48 ਲੱਖ ਰੁਪਏ, 0077 ਨੰਬਰ 8.54 ਲੱਖ ਰੁਪਏ, 0008 ਨੰਬਰ 8.14 ਲੱਖ ਰੁਪਏ, 0010 ਨੰਬਰ 7.92 ਲੱਖ ਰੁਪਏ ਅਤੇ 0004 ਨੰਬਰ 6.69 ਲੱਖ ਰੁਪਏ ਵਿੱਚ ਨਿਲਾਮ ਹੋਇਆ।
ਯੂ ਟੀ ਪ੍ਰਸ਼ਾਸਨ ਨੇ ਨਵੀਂ ਸੀਰੀਜ਼ 'CH 01 DE' ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.13 ਕਰੋੜ ਰੁਪਏ ਕਮਾਏ ਹਨ, ਜਦੋਂ ਕਿ ਪਿਛਲੀ ਵਾਰ 'CH 01 DD' ਸੀਰੀਜ਼ ਤੋਂ ਯੂ ਟੀ ਪ੍ਰਸ਼ਾਸਨ ਨੇ 4.48 ਕਰੋੜ ਰੁਪਏ ਕਮਾਏ ਸਨ।

