Chandigarh VIP Number Auction: 0001 ਨੰਬਰ 53.88 ਲੱਖ ਰੁਪਏ ’ਚ ਵਿਕਿਆ
0003 ਨੰਬਰ 32.32 ਲੱਖ ਰੁਪਏ, 0005 ਨੰਬਰ 17.5 ਲੱਖ ਰੁਪਏ ਅਤੇ 0009 ਨੰਬਰ 14.40 ਲੱਖ ਰੁਪਏ ਵਿੱਚ ਹੋਇਆ ਨਿਲਾਮ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਕੀਨ ਹਨ। ਉਨ੍ਹਾਂ ਵੱਲੋਂ ਮਹਿੰਗੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਨਵੀਂ ਸੀਰੀਜ਼ ਸੀ ਐੱਚ 01 ਡੀ ਡੀ ਸੀਰੀਜ਼ ਦਾ 0001 ਨੰਬਰ 53.88 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਹ ਅੱਜ ਤੱਕ ਦੀ ਸਭ ਤੋਂ ਵੱਧ ਕੀਮਤ ’ਤੇ ਨਿਲਾਮ ਹੋਇਆ ਹੈ।
ਇਸ ਦੌਰਾਨ 0003 ਨੰਬਰ 32.32 ਲੱਖ ਰੁਪਏ, 0005 ਨੰਬਰ 17.5 ਲੱਖ ਰੁਪਏ ਅਤੇ 0009 ਨੰਬਰ 14.40 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਇਸ ਤੋਂ ਇਲਾਵਾ 0007 ਨੰਬਰ 14.22 ਲੱਖ ਰੁਪਏ, 1000 ਨੰਬਰ 9.19 ਲੱਖ ਰੁਪਏ, 0006 ਨੰਬਰ 8.50 ਲੱਖ ਰੁਪਏ, 0008 ਨੰਬਰ 8.24 ਲੱਖ ਰੁਪਏ, 0002 ਨੰਬਰ 7.25 ਲੱਖ ਰੁਪਏ ਅਤੇ 0100 ਨੰਬਰ 6.23 ਲੱਖ ਰੁਪਏ ਵਿੱਚ ਨਿਲਾਮ ਹੋਇਆ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਨਵੀਂ ਸੀਰੀਜ਼ ਸੀ ਐੱਚ 01 ਡੀ ਡੀ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.48 ਕਰੋੜ ਰੁਪਏ ਕਮਾਏ ਹਨ।

