Chandigarh Sector 26 Shootout: ਗੋਲਡੀ ਵੱਲੋਂ ਆਡੀਓ ਜਾਰੀ, ਕਿਹਾ... ‘ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ’, ਲਾਰੈਂਸ ਨੇ ‘ਯਾਰ ਮਾਰ’ ਕੀਤੀ
Chandigarh Sector 26 Shootout: ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਮਗਰੋਂ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਘਟਨਾ ਬਾਰੇ ਇੱਕ ਭਾਵੁਕ ਆਡੀਓ ਸੁਨੇਹਾ ਜਾਰੀ ਕੀਤਾ ਹੈ। ਬਰਾੜ ਨੇ ਆਪਣੇ ਸੁਨੇਹੇ ਵਿਚ ਦੁੱਖ, ਧੋਖਾਧੜੀ ਅਤੇ ਪੈਰੀ ਦੇ ਪਰਿਵਾਰ ਲਈ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਪੈਰੀ ਅਜਿਹੀ ਮੌਤ ਦਾ ਹੱਕਦਾਰ ਨਹੀਂ ਸੀ। ਬਰਾੜ ਨੇ ਬਿਸ਼ਨੋਈ ’ਤੇ ‘ਯਾਰ ਮਾਰ’ ਦੇ ਵੀ ਦੋਸ਼ ਲਾਏ।
ਇਹ ਵੀ ਪੜ੍ਹੋ: Chandigarh Sector 26 shootout ਚੰਡੀਗੜ੍ਹ ਪੁਲੀਸ ਜਾਅਲੀ ਨੰਬਰ ਵਾਲੀ ਸਫ਼ੇਦ ਕਰੇਟਾ ਦੀ ਪੈੜ ਨੱਪਣ ਲੱਗੀ
ਆਡੀਓ ਵਿੱਚ ਬਰਾੜ ਨੇ ਕਿਹਾ: “ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ। ਮੈਂ ਗੋਲਡੀ ਬਰਾੜ ਹਾਂ। ਮੈਂ ਇਹ ਆਡੀਓ ਸੁਨੇਹਾ ਇਹ ਕਹਿਣ ਲਈ ਭੇਜ ਰਿਹਾ ਹਾਂ ਕਿ ਸਾਡੇ ਭਰਾ ਇੰਦਰਪ੍ਰੀਤ ਪੈਰੀ, ਜਿਸ ਦਾ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕਤਲ ਕੀਤਾ ਗਿਆ, ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਉਹ ਹੁਣ ਭਾਵੇਂ ਦਾਅਵਾ ਕਰਨ ਕਿ ਪੈਰੀ ਪੈਸਿਆਂ ਦੀ ਵਸੂਲੀ ਕਰਦਾ ਸੀ ਜਾਂ ਕੁਝ ਹੋਰ ਕੰਮ ਕਰਦਾ ਸੀ, ਪਰ ਸੱਚਾਈ ਇਹ ਹੈ ਕਿ ਲਾਰੈਂਸ ਨੇ ਖੁਦ ਉਸ ਦੇ ਵਿਆਹ ਤੋਂ ਬਾਅਦ ਪੈਰੀ ਨੂੰ ਵਧਾਈ ਦੇਣ ਲਈ ਫ਼ੋਨ ਕੀਤਾ ਸੀ ਅਤੇ ਕਿਹਾ ਕਿ ਤੇਰੇ ਨਾਲ ਕੁਝ ਨਿੱਜੀ ਮਾਮਲਿਆਂ ’ਤੇ ਗੱਲ ਕਰਨੀ ਹੈ, ਜੋ ਕਿ ਫੋਨ ’ਤੇ ਕਰਨੀ ਸੁਰੱਖਿਅਤ( Safe) ਨਹੀਂ, ਉਸ ਨੇ ਪੈਰੀ ਨੂੰ ਇੱਕ ਖਾਸ ਜਗ੍ਹਾ ’ਤੇ ਇੱਕ ਵਿਅਕਤੀ ਨੂੰ ਮਿਲਣ ਅਤੇ ਉਸ ਵਿਅਕਤੀ ਦੇ ਫ਼ੋਨ ਤੋਂ ਗੱਲ ਕਰਨ ਲਈ ਕਿਹਾ। ਲਾਰੈਂਸ ਨੇ ਆਪਣੇ ਹੀ ਦੋਸਤ ਨੂੰ ਬਾਹਰ ਬੁਲਾਇਆ ਅਤੇ ਉਸ ਦਾ ਕਤਲ ਕਰਵਾ ਦਿੱਤਾ। ਪੈਰੀ ਦੇ ਮਾਪਿਆਂ ਨੇ ਲਾਰੈਂਸ ਦਾ ਹਰ ਬੁਰੇ ਸਮੇਂ ਸਾਥ ਦਿੱਤਾ, ਉਸ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ, ਹਮੇਸ਼ਾ ਪੈਰੀ ਨੇ ਲਾਰੈਂਸ ਦੀ ਮਦਦ ਕੀਤੀ। ਅੱਜ ਉਸੇ ਮਾਂ ਦੇ ਪੁੱਤ ਨੂੰ ਲਾਰੈਂਸ ਨੇ ਮਾਰ ਦਿੱਤਾ। ਅੱਜ ਲਾਰੈਂਸ ਨੇ ਯਾਰੀ ਝੂੱਠੀ ਪਾ ਦਿੱਤੀ, ਲਾਰੈਂਸ ਯਾਰੀ ਦੇ ਨਾਮ ’ਤੇ ਧੋਖੇਬਾਜ਼ ਨਿਕਲਿਆ, ਪੈਰੀ ਨੇ ਕਦੇ ਵੀ ਬਿਸ਼ਨੋਈ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਿਆ। ਲਾਰੈਂਸ ਕਦੇ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ।”
ਬਰਾੜ ਨੇ ਦੋਸ਼ ਲਾਇਆ ਕਿ ਪੈਰੀ ਅਤੇ ਉਸਦੇ ਪਰਿਵਾਰ ਨੇ ਲੰਬੇ ਸਮੇਂ ਤੋਂ ਲਾਰੈਂਸ ਦਾ ਸਾਥ ਦਿੱਤਾ, ਪੈਰੀ ਦੀ ਮਾਤਾ ਅਕਸਰ ਬਿਸ਼ਨੋਈ ਅਤੇ ਉਸਦੇ ਸਾਥੀਆਂ ਲਈ ਅਦਾਲਤ ਦੀਆਂ ਤਰੀਕਾਂ ’ਤੇ ਖਾਣਾ ਭੇਜਦੀ ਸੀ।
ਆਪਣੇ ਖੁਦ ਦੇ ਕੰਮਾਂ ਦਾ ਬਚਾਅ ਕਰਦੇ ਹੋਏ ਅਤੇ ਕਤਲ ਤੋਂ ਖ਼ੁਦ ਨੂੰ ਦੂਰ ਕਰਦੇ ਹੋਏ ਬਰਾੜ ਨੇ ਕਿਹਾ, “ਅਸੀਂ ਹਮੇਸ਼ਾ ਸਿਰਫ਼ ਗਲਤ ਕੰਮ ਕਰਨ ਦੇ ਦੋਸ਼ੀ ਲੋਕਾਂ ਵਿਰੁੱਧ ਹੀ ਕਾਰਵਾਈ ਕੀਤੀ ਹੈ। ਜਦੋਂ ਸਿੱਪਾ, ਜਿਸਨੂੰ ਬਹੁਤ ਸਾਰੇ ਲੋਕ ਡੌਨ ਸਮਝਦੇ ਸਨ, ਨੂੰ ਦੁਬਈ ਵਿੱਚ ਮਾਰਿਆ ਸੀ, ਤਾਂ ਇਹ ਇਸ ਲਈ ਸੀ ਕਿਉਂਕਿ ਉਹ ਇੱਕ ਪੁਲੀਸ ਮੁਖਬਰ ਸੀ, ਵਸੂਲੀ ਦੇ ਨਾਮ ’ਤੇ ਪੈਸੇ ਕਮਾ ਰਿਹਾ ਸੀ ਅਤੇ ਕਿਸੇ ਪ੍ਰਤੀ ਵਫ਼ਾਦਾਰ ਨਹੀਂ ਸੀ। ਉਸ ਸਮੇਂ, ਪੈਰੀ ਆਪਣੇ ਵਿਆਹ ਦੇ ਸਮਾਗਮਾਂ ਵਿੱਚ ਰੁੱਝਿਆ ਹੋਇਆ ਸੀ।”
ਬਰਾੜ ਨੇ ਇਸ ਨੂੰ ਧੋਖਾ ਦੱਸਦਿਆਂ ਇਸ ਦੀ ਨਿੰਦਾ ਕਰਦਿਆਂ ਆਪਣੀ ਗੱਲ ਖ਼ਤਮ ਕੀਤੀ ਅਤੇ ਕਿਹਾ ਕਿ ਪੈਰੀ ਦੀ ਕਿਸੇ ਵੀ ਦੁਸ਼ਮਣੀ ਵਿੱਚ ਕੋਈ ਭੂਮਿਕਾ ਨਹੀਂ ਸੀ ਜੋ ਉਸ ਦੇ ਕਤਲ ਨੂੰ ਸਹੀ ਠਹਿਰਾ ਸਕੇ।
ਬਰਾੜ ਨੇ ਅੱਗੇ ਕਿਹਾ, “ਉਸਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸ ਨੇ ਲਾਰੈਂਸ ਨੂੰ ਆਪਣਾ ਦੋਸਤ ਮੰਨਿਆ।”
