ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਅੰਦੋਲਨ ਦੇ ਮਹਾਨਾਇਕ ਸਾਹਿਬ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ‘ਚੰਡੀਗੜ੍ਹ ਸੰਭਾਲੋ ਸੰਕਲਪ ਰੈਲੀ’ ਵਜੋਂ ਮਨਾਇਆ ਗਿਆ। ਪਿੰਡ ਖੁੱਡਾ ਅਲੀਸ਼ੇਰ ਦੇ ਡਾ. ਅੰਬੇਡਕਰ ਸਟੇਡੀਅਮ ਵਿੱਚ ਹੋਈ ਰੈਲੀ ਵਿੱਚ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਬਹੁਜਨ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ। ਇਸ ਮੌਕੇ ਬਸਪਾ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਪ੍ਰਧਾਨ ਅਤੇ ਚੰਡੀਗੜ੍ਹ ਦੇ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਚੰਡੀਗੜ੍ਹ ਲੋਕ ਸਭਾ ਇੰਚਾਰਜ ਸੁਰਿੰਦਰ ਸਿੰਘ ਖੁੱਡਾ ਨੇ ਕੀਤੀ ਅਤੇ ਮੰਚ ਸੰਚਾਲਨ ਦਿਨੇਸ਼ ਦਹੀਆ ਨੇ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਾਂਸ਼ੀ ਰਾਮ ਦੇ ਸੰਘਰਸ਼, ਜਥੇਬੰਦਕ ਸ਼ਕਤੀ ਅਤੇ ਸਮਾਜਿਕ ਪਰਿਵਰਤਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ।
ਰੈਲੀ ਦੌਰਾਨ ‘ਆਪ’ ਦੀ ਚੰਡੀਗੜ੍ਹ ਇਕਾਈ ਦੇ ਐੱਸ ਸੀ ਵਿੰਗ ਦੇ ਉਪ ਪ੍ਰਧਾਨ ਅਤੇ ਵਾਰਡ ਨੰਬਰ 19, ਰਾਮਦਰਬਾਰ ਨਾਲ ਸਬੰਧਿਤ ਵਿਜੇ ਕੁਮਾਰ ਸਾਥੀਆਂ ਸਣੇ ਬਸਪਾ ਵਿੱਚ ਸ਼ਾਮਲ ਹੋਏ। ਸਮਾਜਵਾਦੀ ਪਾਰਟੀ ਛੱਡ ਕੇ ਆਏ ਸਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਬਸਪਾ ਦੀ ਵਿਚਾਰਧਾਰਾ ਨਾਲ ਜੁੜ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਚੰਡੀਗੜ੍ਹ ਬਸਪਾ ਦੇ ਸਾਬਕਾ ਪ੍ਰਧਾਨ ਬ੍ਰਿਜਪਾਲ, ਸੁਖਦੇਵ ਸਿੰਘ, ਬਲਬੀਰ ਸਿੰਘ ਜਾਂਗੜਾ, ਪੰਜਾਬ ਬਸਪਾ ਦੇ ਜਨਰਲ ਸਕੱਤਰ ਰਾਜਿੰਦਰ ਰਾਜਾ ਸਿੰਘ ਨਨਹੇੜੀਆਂ, ਹਰਭਜਨ ਸਿੰਘ ਬਜਹੇੜੀ, ਜ਼ੋਨ ਇੰਚਾਰਜ ਸ਼ੰਕਰ ਰਾਓ, ਐਡਵੋਕੇਟ ਵਿਕਰਾਂਤ, ਤ੍ਰਿਲੋਕ ਚੰਦ, ਗਿਰਵਰ ਸਿੰਘ, ਇੰਦਰਵੀਰ, ਰਾਜਕੁਮਾਰ, ਨਰੇਸ਼ ਕੁਮਾਰ ਸਣੇ ਹੋਰ ਵਰਕਰ ਹਾਜ਼ਰ ਸਨ।

