ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੂਨ
ਕਰੋਨਾ ਦੇ ਦੌਰ ਵਿੱਚ ਚੰਡੀਗੜ੍ਹ ਵਾਸੀਆਂ ਨੇ ਯੋਗ ਦਿਵਸ ਮੌਕੇ ਅੱਜ ਘਰਾਂ ਵਿੱਚ ਹੀ ਯੋਗ ਆਸਣ ਕੀਤੇ। ਇਸ ਮੌਕੇ ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ, ਸਲਾਹਕਾਰ ਮਨੋਜ ਪਰੀਦਾ ਸਣੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਆਨਲਾਈਨ ਲਿੰਕ ਰਾਹੀ ਯੋਗ ਦਿਵਸ ਮਨਾਇਆ।
ਵਾਇਰਸ ਦੇ ਡਰ ਕਾਰਨ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੱਡਾ ਇਕੱਠ ਕਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਸੀ। ਇਸ ਦੇ ਬਾਵਜੂਦ ਲੋਕ ਸੁਖਨਾ ਝੀਲ ’ਤੇ ਇਕੱਲੇ-ਇਕੱਲੇ ਯੋਗ ਕਰਦੇ ਵਿਖਾਈ ਦਿੱਤੇ। ਇਸ ਤੋਂ ਇਲਾਵਾ ਸ਼ਹਿਰ ਦੇ ਰੋਜ਼ ਗਾਰਡਨ ਸਮੇਤ ਹੋਰਨਾਂ ਕਈ ਪਾਰਕਾਂ ਵਿੱਚ ਲੋਕ ਬਿਨਾਂ ਕਿਸੇ ਇਕੱਠ ਤੋਂ ਯੋਗ ਕਰ ਦੇ ਦਿਖਾਈ ਦਿੱਤੇ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੋਗ ਦਿਵਸ ਨੂੰ ਘਰ ਵਿੱਚ ਹੀ ਮਨਾਉਣ ਦੇ ਦਿੱਤੇ ਗਏ ਸੁਨੇਹਾ ’ਤੇ ਫੁੱਲ ਚੜ੍ਹਾਊਂਦਿਆਂ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਵਿੱਚ ਯੋਗ ਕੀਤਾ ਅਤੇ ਯੋਗ ਕਰਦਿਆਂ ਦੀ ਆਨਲਾਈਨ ਵੀਡਿਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ। ਵੱਖ-ਵੱਖ ਜੱਥੇਬੰਦੀਆਂ ਅਤੇ ਸੰਗਠਨਾਂ ਵੱਲੋਂ ਵੀ ਯੋਗ ਦਿਵਸ ਨੂੰ ਆਨਲਾਈਨ ਮਨਾਇਆ ਗਿਆ ਅਤੇ ਲੋਕਾਂ ਵੱਲੋਂ ਘਰਾਂ ਵਿੱਚ ਹੀ ਯੋਗ ਕੀਤਾ ਗਿਆ।
ਭਾਜਪਾ ਨੇ ‘ਕਮਲਮ’ ਦਫ਼ਤਰ ’ਚ ਕਰਵਾਇਆ ਸਮਾਗਮ
ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵੱਲੋਂ ਪ੍ਰਧਾਨ ਅਰੁਣ ਸੂਦ ਦੀ ਅਗਵਾਈ ’ਚ ਸੈਕਟਰ-33 ਸਥਿਤ ਭਾਜਪਾ ਦਫ਼ਤਰ ‘ਕਮਲਮ’ ਵਿਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਗਿਆ ਤੇ ਸਮਾਗਮ ਦਾ ਸੋਸ਼ਲ ਮੀਡੀਆ ’ਤੇ ਪ੍ਰਸਾਰਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਯੋਗ ਵਿਅਕਤੀ ਦੇ ਜੀਵਨ ਵਿੱਚ ਨਵੀਂ ਤਾਜ਼ਗੀ ਅਤੇ ਜੋਸ਼ ਭਰ ਦਿੰਦਾ ਹੈ। ਯੋਗ ਕਰਨ ਨਾਲ ਮਾਨਸਿਕ ਅਤੇ ਸਰੀਰਕ ਰੂਪ ’ਚ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਸਾਰਿਆਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਆ। ਇਸ ਮੌਕੇ ਪਾਰਟੀ ਵਰਕਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਵੱਖ ਵੱਖ ਯੋਗ ਆਸਣ ਕੀਤੇ।