Chandigarh rain alert: ਅਚਾਨਕ ਮੀਂਹ ਨਾਲ ਚੰਡੀਗੜ੍ਹ ਜਲ-ਥਲ, ਸੜਕਾਂ ’ਤੇ ਵਾਹਨ ਚਾਲਕ ਪਰੇਸ਼ਾਨ; ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ
ਬਿਨਾਂ ਛਤਰੀ ਘਰੋਂ ਨਿਕਲੇ ਲੋਕਾਂ ਲਈ ਮੁਸੀਬਤ ਬਣਿਆ ਮੌਸਮ, ਗਰਮੀ ਤੋਂ ਮਿਲੀ ਰਾਹਤ ਪਰ ਸੜਕਾਂ ’ਤੇ ਫਸੇ ਵਾਹਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਅਚਾਨਕ ਪਏ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਹੈਰਾਨ ਕਰ ਦਿੱਤਾ। ਅਚਾਨਕ ਸ਼ੁਰੂ ਹੋਏ ਤੇਜ਼ ਮੀਂਹ ਕਾਰਨ ਜ਼ਿਆਦਾਤਰ ਲੋਕ ਬਿਨਾਂ ਛਤਰੀਆਂ ਅਤੇ ਬਰਸਾਤੀਆਂ ਦੇ ਘਰੋਂ ਬਾਹਰ ਨਿਕਲੇ ਹੋਏ ਸਨ, ਜਿਨ੍ਹਾਂ ਨੂੰ ਸੜਕਾਂ ’ਤੇ ਸੁਰੱਖਿਅਤ ਥਾਵਾਂ ਲੱਭਣ ਲਈ ਭੱਜ-ਦੌੜ ਕਰਨੀ ਪਈ। ਹਾਲਾਂਕਿ ਇਸ ਮੀਂਹ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਪਰ ਸੜਕਾਂ ’ਤੇ ਅਚਾਨਕ ਵਧੇ ਪਾਣੀ ਦੇ ਵਹਾਅ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੱਡੀ ਦਿੱਕਤ ਖੜ੍ਹੀ ਕਰ ਦਿੱਤੀ।
ਸ਼ਹਿਰ ਦੇ ਇੱਕ ਮੁਲਾਜ਼ਮ ਪੁਨੀਤ ਨੇ ਆਪਣੇ ਆਪ ਬੀਤੀ ਦੱਸਦਿਆਂ ਕਿਹਾ, “ਅੱਜ ਮੌਸਮ ਦੇ ਅਜਿਹੇ ਮਿਜ਼ਾਜ ਦੀ ਕੋਈ ਉਮੀਦ ਨਹੀਂ ਸੀ, ਇਸ ਲਈ ਕੋਈ ਵੀ ਆਪਣੇ ਨਾਲ ਛਤਰੀ ਨਹੀਂ ਲਿਆਇਆ ਸੀ। ਮੈਂ ਆਪਣੀ ਗੱਡੀ ਤੱਕ ਪਹੁੰਚਣਾ ਚਾਹੁੰਦਾ ਸੀ, ਪਰ ਮੀਂਹ ਇੰਨਾ ਤੇਜ਼ ਸੀ ਕਿ ਇੱਕ ਕਦਮ ਵੀ ਅੱਗੇ ਵਧਾਉਣਾ ਔਖਾ ਹੋ ਗਿਆ।” ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਚੰਡੀਗੜ੍ਹ ਵਿੱਚ ਪਏ ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਜਲ-ਥਲ ਦੀ ਸਥਿਤੀ ਬਣ ਗਈ ਸੀ।
ਟਰੈਫਿਕ ਪੁਲੀਸ ਨੇ ਜਾਰੀ ਕੀਤੀ ਚਿਤਾਵਨੀਅਚਾਨਕ ਹੋਈ ਬਰਸਾਤ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵਾਹਨ ਚਾਲਕਾਂ ਲਈ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਨੇ ਹਦਾਇਤ ਕੀਤੀ ਹੈ ਕਿ ਗੱਡੀਆਂ ਦੀ ਰਫ਼ਤਾਰ ਹੌਲੀ ਰੱਖੀ ਜਾਵੇ, ਇੱਕ-ਦੂਜੇ ਤੋਂ ਸੁਰੱਖਿਅਤ ਦੂਰੀ ਬਣਾ ਕੇ ਚੱਲਿਆ ਜਾਵੇ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਮੌਨਸੂਨ ਸਰਗਰਮ ਹੈ, ਜਿਸ ਕਰਕੇ ਇਲਾਕੇ ਵਿੱਚ ਹੋਰ ਮੀਂਹ ਦੀ ਸੰਭਾਵਨਾ ਹੈ। ਦਿੱਲੀ, ਹਰਿਆਣਾ ਦੇ ਝੱਜਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਹਲਕਾ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਤਾਪਮਾਨ 25°C ਤੋਂ 36°C ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਪਹਾੜੀ ਤੇ ਮੈਦਾਨੀ ਸੂਬਿਆਂ ਵਿੱਚ ਭਾਰੀ ਤਬਾਹੀਦੂਜੇ ਪਾਸੇ ਦੇਸ਼ ਦੇ ਹੋਰਨਾਂ ਸੂਬਿਆਂ ਜਿਵੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਓਡੀਸ਼ਾ, ਅਸਾਮ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ ਜਾਰੀ ਹੈ। ਉੱਤਰਾਖੰਡ ਦੇ ਗੜ੍ਹਵਾਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀਆਂ ਦਾ ਜਲ ਪੱਧਰ ਖ਼ਤਰਨਾਕ ਤਰੀਕੇ ਨਾਲ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ 166 ਤੋਂ ਵੱਧ ਸੜਕਾਂ ਬੰਦ ਹਨ ਅਤੇ ਮੰਡੀ ਜ਼ਿਲ੍ਹੇ ਵਿੱਚ 84 ਮੁੱਖ ਮਾਰਗ ਠੱਪ ਹੋ ਚੁੱਕੇ ਹਨ। ਇਸ ਤੋਂ ਇਲਾਵਾ ਓਡੀਸ਼ਾ ਦੇ 429 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ, ਜਿੱਥੇ ਬਚਾਅ ਕਾਰਜਾਂ ਲਈ 79 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

