ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਮੁਰੰਮਤ ਅੱਜ ਤੋਂ ਸ਼ੁਰੂ
36 ਦਿਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ; 15 ਅਕਤੂਬਰ ਤੱਕ 442 ਰੇਲਗੱਡੀਆਂ ਰੱਦ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਮੁਰੰਮਤ ਦੇ ਮੱਦੇਨਜ਼ਰ ਅਗਲੇ 36 ਦਿਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 10 ਸਤੰਬਰ ਤੋਂ 15 ਅਕਤੂਬਰ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੌਰਾਨ ਰੇਲਵੇ ਨੇ ਰੋਜ਼ਾਨਾ 12 ਰੇਲ ਗੱਡੀਆਂ ਅਤੇ ਕੁੱਲ 442 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲ ਸਟੇਸ਼ਨ ’ਤੇ ਮੁੜ ਵਿਕਾਸ ਯੋਜਨਾ ਤਹਿਤ ਨਵੀਂ ਛੱਤ ਪਾਉਣ ਅਤੇ ਫੁੱਟ-ਓਵਰਬ੍ਰਿਜ ਨੂੰ ਹਟਾਇਆ ਜਾਵੇਗਾ। ਇਸ ਲਈ ਰੇਲਵੇ ਨੇ 36 ਦਿਨ ਚੱਲਣ ਵਾਲੇ ਕੰਮ ਨੂੰ 12-12 ਦਿਨਾਂ ਦੇ ਤਿੰਨ ਪੜਾਅ ਵਿੱਚ ਵੰਡਿਆ ਗਿਆ ਤਾਂ ਜੋ ਪੂਰੇ ਰੇਲਵੇ ਸਟੇਸ਼ਨ ਨੂੰ ਬੰਦ ਕਰਨ ਦੀ ਥਾਂ ਰੇਲਵੇ ਸਟੇਸ਼ਨ ਦਾ ਕੁਝ ਹਿੱਸਾ ਬੰਦ ਰੱਖਿਆ ਜਾ ਸਕੇ। ਇਸ ਦੌਰਾਨ ਦਿੱਲੀ-ਕਾਲਕਾ, ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਫਿਰੋਜ਼ਪੁਰ ਸਣੇ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ। ਕਈ ਰੇਲਗੱਡੀਆਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਵੇਗਾ ਅਤੇ ਕੁਝ ਦੇ ਪਲੈਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਲਈ ਸਾਬਰਮਤੀ-ਅੰਮ੍ਰਿਤਸਰ ਸਣੇ ਅੱਠ ਲੰਬੇ ਦੂਰੀ ਦੀਆਂ ਟਰੇਨਾਂ ਦਾ ਮੁਹਾਲੀ ਵਿੱਚ ਅਸਥਾਈ ਤੌਰ ’ਤੇ ਸਟਾਪ ਬਣਾਇਆ ਗਿਆ ਹੈ।
ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 10 ਸਤੰਬਰ ਤੋਂ 21 ਸਤੰਬਰ ਤੱਕ ਪਲੈਟਫਾਰਮ ਨੰਬਰ 5, ਪਲੈਟਫਾਰਮ ਨੰਬਰ 6 ਨੂੰ ਬੰਦ ਕੀਤਾ ਜਾਵੇਗਾ। ਦੂਜੇ ਪੜਾਅ ਵਿੱਚ 22 ਸਤੰਬਰ ਤੋਂ 3 ਅਕਤੂਬਰ ਤੱਕ ਪਲੈਟਫਾਰਮ ਨੰਬਰ 3 ਅਤੇ ਪਲੈਟਫਾਰਮ ਨੰਬਰ 4 ਨੂੰ ਬੰਦ ਕੀਤਾ ਜਾਵੇਗਾ। ਜਦੋਂ ਕਿ ਤੀਜੇ ਪੜਾਅ ਵਿੱਚ 4 ਅਕਤੂਬਰ ਤੋਂ 15 ਅਕਤੂਬਰ ਤੱਕ ਪਲੈਟਫਾਰਮ ਨੰਬਰ 2 ਨੂੰ ਬੰਦ ਕੀਤਾ ਜਾਵੇਗਾ। ਰੇਲ ਵਿਭਾਗ ਨੇ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਤੋਂ ਬਚਣ ਲਈ ਆਪਣੀ ਰੇਲ ਗੱਡੀ ਦਾ ਸਮਾਂ ਅਤੇ ਸਥਾਨ ਪਹਿਲਾਂ ਚੈਕ ਕਰਨ ਅਤੇ ਲੋਕ ਪੈਣ ’ਤੇ ਰੇਲਵੇ ਨਾਲ ਸੰਪਰਕ ਕਰਨ।
ਤਿਉਹਾਰਾਂ ਕਰ ਕੇ ਲੋਕ ਪ੍ਰੇਸ਼ਾਨ
ਰੇਲ ਵਿਭਾਗ ਵੱਲੋਂ ਤਿਉਹਾਰਾਂ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਮੁਰੰਮਤ ਕਰ ਕੇ ਰੇਲ ਗੱਡੀਆਂ ਰੱਦ ਕਰਨ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ 36 ਦਿਨਾਂ ਦੌਰਾਨ ਨਰਾਤੇ, ਗਣਤੇ ਚਤੁਰਥੀ ਅਤੇ ਹੋਰ ਕਈ ਵੱਡੇ ਤਿਉਹਾਰ ਆਉਣਗੇ, ਜਿਸ ਕਰ ਕੇ ਵੱਡੀ ਗਿਣਤੀ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ’ਤੇ ਸਫ਼ਰ ਕਰਨਾ ਪੈਂਦਾ ਹੈ। ਵੱਡੀ ਗਿਣਤੀ ਲੋਕਾਂ ਨੂੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

