ਤਿਓਹਾਰਾਂ ਦੇ ਸੀਜ਼ਨ ਲਈ ਚੰਡੀਗੜ੍ਹ ਪੁਲੀਸ ਤਿਆਰ

ਤਿਓਹਾਰਾਂ ਦੇ ਸੀਜ਼ਨ ਲਈ ਚੰਡੀਗੜ੍ਹ ਪੁਲੀਸ ਤਿਆਰ

ਮੁਕੇਸ਼ ਕੁਮਾਰ

ਚੰਡੀਗੜ੍ਹ, 17 ਅਕਤੂਬਰ

ਤਿਓਹਾਰਾਂ ਦੇ ਸੀਜ਼ਨ ਵਿੱਚ ਨਿਰਵਿਘਨ ਆਵਾਜਾਈ ਚਲਾਊਣ ਅਤੇ ਪਾਰਕਿੰਗ ਦੀ ਸਮੱਸਿਆ ਤੋਂ ਨਜਿੱਠਣ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਸ਼ਹਿਰ ਦੀਆਂ ਮਾਰਕੀਟਾਂ ਵਿੱਚ ਤਿਓਹਾਰਾਂ ਦੇ ਸੀਜ਼ਨ ਦੌਰਾਨ ਪੇਸ਼ ਆਊਣ ਵਾਲੀ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਤੋਂ ਨਜਿੱਠਣ ਲਈ ਟਰੈਫਿਕ ਪੁਲੀਸ ਵੱਲੋਂ ਮਾਰਕੀਟਾਂ ਦੇ ਆਸਪਾਸ ਪੈਂਦੇ ਕਮਿਊਨਿਟੀ ਸੈਂਟਰਾਂ, ਸਕੂਲਾਂ ਤੇ ਹੋਰ ਖਾਲੀ ਥਾਵਾਂ ’ਚ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਥਾਵਾਂ ’ਤੇ ਵਾਹਨਾਂ ਦੀ ਪਾਰਕਿੰਗ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਇਹ ਵਿਵਸਥਾ 24 ਅਕਤੂਬਰ ਤੋਂ ਲਾਗੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਵੱਲੋਂ ਤਿਓਹਾਰਾਂ ਦੇ ਇਸ ਸੀਜ਼ਨ ਦੌਰਾਨ ਕੋਵਿਡ-19 ਸਬੰਧੀ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਬਾਰੇ ਸ਼ਹਿਰ ਦੀਆਂ ਮਾਰਕੀਟ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਮੀਟਿੰਗ ਕਰ ਕੇ ਇਸ ਬਾਰੇ ਜਾਗਰੂਕ ਕਰਨਗੇ। ਟਰੈਫਿਕ ਪੁਲੀਸ ਦੇ ਮੁਲਾਜ਼ਮ ਇਸ ਬਾਰੇ ਸ਼ਹਿਰ ਦੀਆਂ ਵੱਖ- ਵੱਖ ਮਾਰਕੀਟਾਂ ਵਿੱਚ ਲਾਊਡ ਸਪੀਕਰਾਂ ਰਾਹੀਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਰਹੇ। ਬੇਤਰਤੀਬ ਵਾਹਨ ਪਾਰਕ ਕਰਨ ਵਾਲਿਆਂ ’ਤੇ ਸਖਤੀ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ (ਟਰੈਫਿਕ) ਮਨੋਜ ਕੁਮਾਰ ਮੀਣਾ ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਵਾਹਨਾਂ ਦੀ ਪਾਰਕਿੰਗ ਸਹੀ ਢੰਗ ਨਾਲ ਕਰਵਾਊਣ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸੀਸੀਟੀਵੀ ਕੈਮਰਿਆਂ ਰਾਹੀਂ ਪੁਲੀਸ ਨਜ਼ਰ ਰੱਖੇਗੀ। ਤਿਊਹਾਰਾਂ ਦੇ ਸੀਜ਼ਨ ਦੌਰਾਨ ਮੁੱਖ ਮਾਰਕੀਟਾਂ ਵਿੱਚ ਪਾਰਕਿੰਗ ਦੀ ਸਮੱਸਿਆ ਤੋਂ ਨਜਿੱਠਣ ਲਈ ਨੇੜਲੀਆਂ ਥਾਵਾਂ ’ਚ ਮੁਫ਼ਤ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਵੀ ਸਖਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਹ ਵਿਵਸਥਾ 24 ਅਕਤੂਬਰ ਤੋਂ ਲਾਗੂ ਹੋ ਜਾਵੇਗੀ।

ਕਿੱਥੇ-ਕਿੱਥੇ ਹੋਵੇਗੀ ਪਾਰਕਿੰਗ

ਸੈਕਟਰ-8 ਬੀ ਸਥਿਤ ਕਮਿਊਨਿਟੀ ਸੈਂਟਰ ਤੇ ਡਿਸਪੈਂਸਰੀ, ਸੈਕਟਰ 15 ਸਥਿਤ ਡੀਏਵੀ ਸਕੂਲ ਤੇ ਆਪਣੀ ਮੰਡੀ ਗਰਾਊਂਡ, ਸੈਕਟਰ 17 ਸਥਿਤ ਸਰਕਸ ਗਰਾਊਂਡ, ਸੈਕਟਰ 22ਏ ਸਥਿਤ ਸਰਕਾਰੀ ਸਕੂਲ ਦੇ ਸਾਹਮਣੇ ਵਾਲਾ ਪਾਰਕ, ਸੈਕਟਰ 9 ਵਿੱਚ ਪੁਲੀਸ ਹੈੱਡ ਕੁਆਰਟਰ ਦੇ ਪਿਛਲੇ ਪਾਸੇ, ਸੈਕਟਰ 7 ਸਥਿਤ ਸਪੋ‌ਰਟਸ ਕੰਪਲੈਕਸ, ਸੈਕਟਰ 18 ਸਥਿਤ ਹਾਕੀ ਸਟੇਡੀਅਮ ਤੇ ਟੈਗੋਰ ਥੀਏਟਰ, ਸੈਕਟਰ 20 ਸਥਿਤ ਕਮਿਊਨਿਟੀ ਸੈਂਟਰ, ਮਨੀਮਾਜਰਾ ਸਥਿਤ ਸ਼ਿਵਾਲਿਕ ਗਾਰਡਨ ਦੇ ਸਾਹਮਣੇ, ਸੈਕਟਰ 32 ਦੇ ਛੋਟੇ ਚੌਕ ਦੇ ਸਾਹਮਣੇ ਖਾਲ੍ਹੀ ਪਿਆ ਪਾਰਕ, ਸੈਕਟਰ 34 ਸਥਿਤ ਗੁਰਦੁਆਰੇ ਦੇ ਸਾਹਮਣੇ ਵਾਲੇ ਗਰਾਊਂਡ, ਸੈਕਟਰ 34 ਸਥਿਤ ਸਟੇਟ ਲਾਇਬਰੇਰੀ ਦੇ ਸਾਹਮਣੇ ਤੇ ਮੇਲਾ ਗਰਾਊਂਡ, ਸੈਕਟਰ 44 ਸਥਿਤ ਸੰਜੇ ਪਬਲਿਕ ਸਕੂਲ ਦੇ ਸਾਹਮਣੇ ਅਤੇ ਕਮਿਊਨਿਟੀ ਸੈਂਟਰ, ਸੈਕਟਰ 46 ’ਚ ਮੰਡੀ ਗਰਾਊਂਡ, ਸੈਕਟਰ 47 ਸਥਿਤ ਕਮਿਊਨਿਟੀ ਸੈਂਟਰ, ਸੈਕਟਰ 35 ਸਥਿਤ ਖੁਖਰੈਨ ਭਵਨ, ਸੈਕਟਰ 35 ਸਥਿਤ ਕਮਿਊਨਿਟੀ ਸੈਂਟਰ, ਸੈਕਟਰ 37 ਸਥਿਤ ਸਨਾਤਨ ਧਰਮ ਮੰਦਰ ਦੇ ਨੇੜੇ ਪਈ ਖਾਲੀ ਥਾਂ, ਸੈਕਟਰ 38 ਸਥਿਤ ਕਮਿਊਨਿਟੀ ਸੈਂਟਰ ਅਤੇ ਸੈਕਟਰ 40 ਦੀ ਸਿਵਲ ਡਿਸਪੈਂਸਰੀ ਤੋਂ ਇਲਾਵਾ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਵੀ ਵਾਹਨ ਪਾਰਕ ਕੀਤੇ ਜਾ ਸਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All