ਵਿਦਿਆਰਥੀ ਸੰਘਰਸ਼ ਤੇ ਕਿਸਾਨ ਰੈਲੀ ਕਰਕੇ ਪੰਜਾਬ ਯੂਨੀਵਰਸਿਟੀ ਦੇ ਗੇਟਾਂ ਉੱਤੇ ਚੰਡੀਗੜ੍ਹ ਪੁਲੀਸ ਦਾ ਸਖ਼ਤ ਪਹਿਰਾ
’ਵਰਸਿਟੀ ਦੇ ਗੇਟ ਖੁੱਲ੍ਹੇ, ਪਰ ਵੱਡੀ ਗਿਣਤੀ ਪੁਲੀਸ ਬਲ ਤਾਇਨਾਤ; ਬੈਰੀਕੇਡਿੰਗ ਤੇ ਹੋਰ ਰੋਕਾਂ ਲਾਈਆਂ
ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਬੁੱਧਵਾਰ ਨੂੰ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਥੋੜ੍ਹੀ ਜਿਹੀ ਭੀੜ ਇਕੱਠੀ ਹੋਈ। ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੇ ਸਨ, ਪਰ ਕੈਂਪਸ ਵਿੱਚ ਮਾਹੌਲ ਸ਼ਾਂਤ ਰਿਹਾ। ਭੀੜ ਘੱਟ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਸ਼ਹਿਰ ਦਾ ਧਿਆਨ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋਏ ਵਿਸ਼ਾਲ ਕਿਸਾਨ ਪ੍ਰਦਰਸ਼ਨ ਵੱਲ ਚਲਾ ਗਿਆ।
ਪੰਜਾਬ ਦੇ ਕਿਸਾਨ ਸੰਗਠਨਾਂ ਦੀ ਇਸ ਮਹਾਪੰਚਾਇਤ ਕਾਰਨ ਪੁਲੀਸ ਬਲਾਂ, ਰਿਜ਼ਰਵ ਫੋਰਸ ਅਤੇ ਪ੍ਰਸ਼ਾਸਨ ਦਾ ਸਾਰਾ ਧਿਆਨ ਉਸ ਪਾਸੇ ਹੀ ਕੇਂਦਰਿਤ ਰਿਹਾ।
ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀ ਯੂਨੀਵਰਸਿਟੀ ਪਹੁੰਚਣਗੇ ਅਤੇ ਉੱਥੇ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਨਗੇ। ਇਸ ਐਲਾਨ ਦੇ ਬਾਵਜੂਦ, ਸਵੇਰੇ ਕੈਂਪਸ ਵਿੱਚ ਭੀੜ ਸੀਮਤ ਰਹੀ। ਇਸ ਦੌਰਾਨ, ਯੂਥ ਕਾਂਗਰਸ ਵੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੀ ਹੈ।
ਪੀਯੂ ਬਚਾਓ ਮੋਰਚਾ - ਜੋ ਕਿ 50 ਤੋਂ ਵੱਧ ਵਿਦਿਆਰਥੀ ਸੰਗਠਨਾਂ, ਕਿਸਾਨ ਸੰਗਠਨਾਂ, ਸਮਾਜਿਕ ਸਮੂਹਾਂ ਅਤੇ ਕਰਮਚਾਰੀ ਯੂਨੀਅਨਾਂ ਦਾ ਸਾਂਝਾ ਪਲੇਟਫਾਰਮ ਹੈ, ਨੇ ਬੁੱਧਵਾਰ ਨੂੰ "ਕੈਂਪਸ ਬੰਦ" ਦਾ ਸੱਦਾ ਦਿੱਤਾ ਸੀ। 10 ਨਵੰਬਰ ਨੂੰ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਯੂਨੀਵਰਸਿਟੀ ਕੈਂਪਸ ਅੱਜ ਬੰਦ ਰਿਹਾ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਦਿਆਰਥੀ ਸੰਘਰਸ਼ ਤੇ ਅੱਜ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਵਿਦਿਆਰਥੀਆਂ ਦੇ ਦਬਾਅ ਹੇਠ ਪੰਜਾਬ ਯੂਨੀਵਰਸਿਟੀ ਅਥਾਰਿਟੀ ਪਹਿਲਾ ਹੀ ਛੁੱਟੀ ਕਰਕੇ ਬੈਕ ਫੁੱਟ ’ਤੇ ਆ ਚੁੱਕੀ ਹੈ।
ਵਿਦਿਆਰਥੀਆਂ ਵੱਲੋਂ ਪਹਿਲਾਂ ਤੋਂ ਹੀ ਦਿੱਤੇ ਸੱਦੇ ਅਤੇ ਸੈਕਟਰ 43 ਵਿੱਚ ਕਿਸਾਨ ਰੈਲੀ ਕਰਕੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਗੇਟਾਂ ਉੱਤੇ ਵੱਡੀ ਗਿਣਤੀ ਵਿਚ ਪੁਲੀਸ ਬਲ ਤਾਇਨਾਤ ਰਹੇ। ’ਵਰਸਿਟੀ ਦੇ ਗੇਟ ਹਾਲਾਂਕਿ ਬੰਦ ਨਹੀਂ ਕੀਤੇ ਗਏ, ਪਰ ਪੁਲੀਸ ਬੈਰੀਕੇਡ ਤੇ ਹੋਰ ਰੋਕਾਂ ਲਗਾ ਕੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਖੜੀਆਂ ਰਹੀਆਂ।

