Chandigarh Police Busts Interstate Arms Racket: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਪੰਜ ਮੁਲਜ਼ਮ ਕਾਬੂ
ਛੇ ਪਿਸਤੌਲ ਅਤੇ 17 ਕਾਰਤੂਸ ਬਰਾਮਦ; ਚੰਡੀਗਡ਼੍ਹ ਪੁਲੀਸ ਨੇ ਤਸਕਰਾਂ ਦੀ ਪੈਡ਼ ਨੱਪੀ
ਚੰਡੀਗੜ੍ਹ ਪੁਲੀਸ ਨੇ ਗ਼ੈਰ-ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਅੰਤਰਰਾਜੀ ਹਥਿਆਰ ਤਸਕਰੀ ਕਰਨ ਵਾਲੇ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਪੁਲੀਸ ਨੇ 6 ਪਿਸਤੌਲ ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਚੰਡੀਗੜ੍ਹ ਪੁਲੀਸ ਦੀ ਐੱਸ ਪੀ (ਅਪਰੇਸ਼ਨ) ਗੀਤਾਂਜਲੀ ਖੰਡੇਲਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਵਿੱਚ ਗੁਰਚਰਚਨ ਸਿੰਘ, ਪੁਸ਼ਪਿੰਦਰ ਅਤੇ ਲੋਕੇਸ਼ ਮੀਨਾ ਵਾਸੀਆ ਰਾਜਸਥਾਨ ਅਤੇ ਗੁਰਬਚਨ ਸਿੰਘ ਤੇ ਸਰਵਣ ਵਾਸੀਅਨ ਚੰਡੀਗੜ੍ਹ ਦੇ ਨਾਂ ਸ਼ਾਮਲ ਹਨ।
ਐੱਸ ਪੀ ਗੀਤਾਂਜਲੀ ਖੰਡੇਲਵਾਲ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਇੱਕ ਨੌਜਵਾਨ ਵੱਲੋਂ ਰਾਜਸਥਾਨ ਵਿੱਚ ਹਥਿਆਰ ਖਰੀਦਣ ਲਈ ਦੋ ਲੱਖ ਰੁਪਏ ਭੇਜੇ ਗਏ ਸਨ। ਪੁਲੀਸ ਨੇ ਰੁਪਏ ਭੇਜਣ ਦੀ ਜਾਣਕਾਰੀ ਮਿਲਦਿਆਂ ਹੀ ਜਾਂਚ ਸ਼ੁਰੂ ਕੀਤੀ ਤੇ ਅਪਰਾਧੀਆਂ ਦੀ ਪੈੜ ਨੱਪੀ। ਇਸ ਦੌਰਾਨ ਪੁਲੀਸ ਨੇ ਰਾਜਸਥਾਨ ਵਿੱਚ ਛਾਪਾ ਮਾਰ ਕੇ ਰਾਜਸਥਾਨ ਵਿੱਚ ਰਹਿਣ ਵਾਲੀ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗੁਰਚਰਨ ਸਿੰਘ ਤੋਂ ਪੁੱਛਗਿੱਛ ਦੇ ਆਧਾਰ ’ਤੇ ਚਾਰ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ 6 ਪਿਸਤੌਲਾਂ ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਵੱਲੋਂ ਮੱਧ ਪ੍ਰਦੇਸ਼ ਤੋਂ 20 ਤੋਂ 25 ਹਜ਼ਾਰ ਰੁਪਏ ਵਿੱਚ ਪਿਸਤੌਲ ਖਰੀਦ ਕੇ ਅੱਗੇ 40 ਤੋਂ 50 ਹਜ਼ਾਰ ਰੁਪਏ ਵਿੱਚ ਵੇਚ ਦਿੱਤੀ ਜਾਂਦਾ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਪੁਲੀਸ ਕੇਸ ਦਰਜ ਹਨ। ਇਨ੍ਹਾਂ ਵੱਲੋਂ ਚੰਡੀਗੜ੍ਹ ਵਿੱਚ 10 ਤੋਂ 12 ਪਿਸਤੌਲ ਸਪਲਾਈ ਕੀਤੇ ਗਏ ਹਨ, ਜਿਨ੍ਹਾਂ ਬਾਰੇ ਭਾਲ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ’ਤੇ ਗਾਹਕ ਦੀ ਕਰਦੇ ਸਨ ਭਾਲ
ਚੰਡੀਗੜ੍ਹ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀਆਂ ਤਸਵੀਰਾਂ ਪੋਸਟ ਕਰ ਕੇ ਗਾਹਕਾਂ ਦੀ ਭਾਲ ਕੀਤੀ ਜਾਂਦੀ ਸੀ। ਮੁਲਜ਼ਮਾਂ ਵੱਲੋਂ ਔਨਲਾਈਨ ਪੈਸੇ ਮੰਗਵਾ ਕੇ ਹਥਿਆਰ ਸਪਲਾਈ ਕਰ ਦਿੱਤਾ ਜਾਂਦਾ ਸੀ। ਪੁਲੀਸ ਵੱਲੋਂ ਮੁਲਜ਼ਮਾਂ ਦੇ ਵੱਖ-ਵੱਖ ਸੋਸ਼ਲ ਮੀਡੀਆ ਖਾਤੇ ਵੀ ਫਰੋਲੇ ਜਾ ਰਹੇ ਹਨ।

