Chandigarh ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਪਾਰਕਿੰਗ ਕਰਨ ਵਾਲੀਆਂ ਟੂਰਿਸਟ ਬੱਸਾਂ ’ਤੇ ਲਾਇਆ ਜਾਵੇਗਾ ਭਾਰੀ ਜੁਰਮਾਨਾ !
ਨਿਯਮ ਤੋੜਨ ’ਤੇ ਰੱਦ ਹੋ ਸਕਦਾ ਹੈ ਪਰਮਿਟ; ਪਾਰਕਾਂ ’ਚ ਪਬਲਿਕ ਟਾਇਲਟ ਬਣਾਉਣ ਅਤੇ ਮੁਲਾਜ਼ਮਾਂ ਨੂੰ ਵਰਦੀ ਭੱਤਾ ਦੇਣ ’ਤੇ ਵੀ ਹੋਵੇਗੀ ਚਰਚਾ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੀਆਂ ਨਗਰ ਨਿਗਮ ਵਾਲੀਆਂ ਥਾਵਾਂ ’ਤੇ ਬਿਨਾਂ ਇਜਾਜ਼ਤ ਗੈਰ-ਕਾਨੂੰਨੀ ਤਰੀਕੇ ਨਾਲ ਪਾਰਕ ਕੀਤੀਆਂ ਜਾਣ ਵਾਲੀਆਂ ਟੂਰਿਸਟ ਬੱਸਾਂ ’ਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। 8 ਅਪਰੈਲ ਨੂੰ ਹੋਣ ਵਾਲੀ ਨਗਰ ਨਿਗਮ ਦੀ ਅਗਲੀ ਮੀਟਿੰਗ ਵਿੱਚ ਜੁਰਮਾਨਿਆਂ ਦਾ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਪਹਿਲੀ ਵਾਰ ਨਿਯਮ ਤੋੜਨ ’ਤੇ 5,000 ਰੁਪਏ, ਦੂਜੀ ਵਾਰ 10,000 ਰੁਪਏ ਅਤੇ ਤੀਜੀ ਵਾਰ 15,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਬੱਸ ਚੌਥੀ ਵਾਰ ਵੀ ਇਹੀ ਗਲਤੀ ਕਰਦੀ ਹੈ, ਤਾਂ ਨਗਰ ਨਿਗਮ ਸਟੇਟ ਟਰਾਂਸਪੋਰਟ ਅਥਾਰਟੀ (STA) ਨੂੰ ਉਸ ਬੱਸ ਦਾ ਪਰਮਿਟ ਰੱਦ ਕਰਨ ਲਈ ਲਿਖੇਗਾ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਬਣੀ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਨਿਗਮ ਨੇ ਬੱਸਾਂ ਲਈ ਪਾਰਕਿੰਗ ਦੇ ਨਵੇਂ ਰੇਟ ਵੀ ਤੈਅ ਕੀਤੇ ਹਨ, ਜਿਸ ਤਹਿਤ 3,000 ਰੁਪਏ ਪ੍ਰਤੀ ਮਹੀਨਾ ਦਾ ਪਾਸ ਬਣਾਇਆ ਜਾ ਸਕਦਾ ਹੈ, ਜਦੋਂਕਿ ਰੋਜ਼ਾਨਾ ਐਂਟਰੀ ਫੀਸ 280 ਰੁਪਏ ਹੋਵੇਗੀ। ਇਸ ਤੋਂ ਇਲਾਵਾ, ਮੀਟਿੰਗ ਦੇ ਏਜੰਡੇ ਵਿੱਚ ਕਈ ਹੋਰ ਅਹਿਮ ਮੁੱਦੇ ਵੀ ਸ਼ਾਮਲ ਹਨ। ਨਗਰ ਨਿਗਮ ਵੱਲੋਂ ਫਾਇਰ ਅਤੇ ਰੈਸਕਿਊ ਸਰਵਿਸਿਜ਼ ਦੇ ਮੁਲਾਜ਼ਮਾਂ ਨੂੰ ਵਰਦੀ/ਡਰੈੱਸ ਭੱਤਾ ਦੇਣ ਦਾ ਪ੍ਰਸਤਾਵ ਹੈ। ਨਾਲ ਹੀ, ਸ਼ਹਿਰ ਦੇ 144 ਬਾਗਾਂ ਅਤੇ ਗ੍ਰੀਨ ਬੈਲਟਾਂ ਵਿੱਚ ਜਨਤਕ ਪਖਾਨੇ (Public Toilets) ਬਣਾਉਣ ਲਈ ਵੀ ਨਵੇਂ ਨਿਯਮ ਬਣਾਏ ਜਾ ਰਹੇ ਹਨ। ਫਿਲਹਾਲ ਪਾਰਕਾਂ ਵਿੱਚ ਬੈਂਚਾਂ ਅਤੇ ਜਿਮ ਦਾ ਪ੍ਰਬੰਧ ਤਾਂ ਹੈ, ਪਰ ਪਖਾਨਿਆਂ ਬਾਰੇ ਕੋਈ ਪੱਕੀ ਨੀਤੀ ਨਹੀਂ ਸੀ, ਜਿਸ ਨੂੰ ਹੁਣ ਅੰਤਿਮ ਰੂਪ ਦਿੱਤਾ ਜਾਵੇਗਾ।

