Chandigarh Mercedes Accident: ਤੇਜ਼ ਰਫ਼ਤਾਰ ਮਰਸੀਡੀਜ਼ ਨੇ ਦੋ ਨੌਜਵਾਨਾਂ ਨੂੰ ਮਾਰੀ ਟੱਕਰ; ਵੀਡੀਓ ਆਇਆ ਸਾਹਮਣੇ
ਸੈਕਟਰ-26 ਦੇ ਕਲੱਬ ਬਾਹਰ ਵਾਪਰੀ ਘਟਨਾ; ਕਾਰ ਚਾਲਕ ਦੇ ਨਾਬਾਲਗ ਹੋਣ ਦਾ ਦਾਅਵਾ, ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ
Chandigarh Accident: ਚੰਡੀਗੜ੍ਹ ਦੇ ਸੈਕਟਰ-26 ਵਿੱਚ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਵੱਲੋਂ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਜਿਵੇਂ ਹੀ ਕਲੱਬ ਤੋਂ ਬਾਹਰ ਨਿਕਲੇ ਤਾਂ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਇੰਨੀ ਭਿਆਨਕ ਫੇਟ ਮਾਰੀ ਕਿ ਉਹ ਸੜਕ ’ਤੇ ਕਈ ਫੁੱਟ ਦੂਰ ਜਾ ਕੇ ਡਿੱਗੇ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਾਰ ਬਹੁਤ ਤੇਜ਼ ਰਫ਼ਤਾਰ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਰ ਚਲਾ ਰਿਹਾ ਲੜਕਾ ਨਾਬਾਲਗ ਸੀ।
View this post on Instagram
ਮੌਕੇ ’ਤੇ ਮਚੀ ਅਫ਼ਰਾ-ਤਫ਼ਰੀ, ਚਾਲਕ ਕਾਰ ਸਮੇਤ ਫ਼ਰਾਰ
ਹਾਦਸੇ ਦੀ ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਮੌਜੂਦ ਲੋਕ ਤੁਰੰਤ ਮੌਕੇ ’ਤੇ ਪਹੁੰਚ ਗਏ। ਟੱਕਰ ਤੋਂ ਬਾਅਦ ਮੌਕੇ ’ਤੇ ਭਗਦੜ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਡਰਾਈਵਰ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਜ਼ਖਮੀਆਂ ਦੀ ਹਾਲਤ ਗੰਭੀਰ, ਹਸਪਤਾਲ ’ਚ ਇਲਾਜ ਜਾਰੀ
ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਤੋਂ ਬਾਅਦ ਦੋਵੇਂ ਨੌਜਵਾਨ ਸੜਕ ’ਤੇ ਗੰਭੀਰ ਹਾਲਤ ਵਿੱਚ ਪਏ ਸਨ। ਉੱਥੇ ਮੌਜੂਦ ਲੋਕਾਂ ਨੇ ਬਿਨਾਂ ਸਮਾਂ ਗਵਾਏ ਉਨ੍ਹਾਂ ਨੂੰ ਸੰਭਾਲਿਆ ਅਤੇ ਤੁਰੰਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਪਹੁੰਚਾਇਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਇੱਕ ਨੌਜਵਾਨ ਦੀ ਹਾਲਤ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ, ਜਦਕਿ ਦੂਜੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

