Chandigarh: ਸੁੰਦਰ ਸ਼ਹਿਰ ਵਿੱਚ ਹਰੇ-ਭਰੇ ਦਰੱਖ਼ਤ ਵੱਢੇ
ਚੰਡੀਗੜ੍ਹ ਦੇ ਵਾਤਾਵਰਨ ਪ੍ਰੇਮੀਆਂ ਵਿੱਚ ਰੋਸ; ਸਾਈਕਲ ਟਰੈਕ ਬਣਾਉਣ ਲਈ ਰੁੱਖਾਂ ਦੀ ਬਲੀ ਲਈ
ਚੰਡੀਗੜ੍ਹ ਨਗਰ ਨਿਗਮ ਨੇ ਸਾਈਕਲ ਟਰੈਕ ਬਣਾਉਣ ਦੇ ਨਾਂ ਹੇਠ 8 ਵੱਡੇ-ਵੱਡੇ ਹਰੇ-ਭਰੇ ਰੁੱਖਾਂ ਦੀ ਬਲੀ ਲੈ ਲਈ ਹੈ। ਸੜਕ ਕੰਢੇ ਖੜ੍ਹੇ ਵੱਡੇ ਦਰੱਖਤਾਂ ਨੂੰ ਮੁੱਢੋਂ ਹੀ ਵੱਢ ਦਿੱਤਾ ਗਿਆ ਹੈ। ਵਾਤਾਵਰਨ ਪ੍ਰੇਮੀਆਂ ਅਤੇ ਸਮਾਜਿਕ ਚਿੰਤਕਾਂ ਵਿੱਚ ਨਿਗਮ ਦੀ ਇਸ ਕਾਰਵਾਈ ਖ਼ਿਲਾਫ਼ ਰੋਸ ਵੀ ਪੈਦਾ ਹੋ ਗਿਆ ਹੈ। ਅੱਜ ਪੂਰਾ ਦਿਨ ਸ਼ੋਸ਼ਲ ਮੀਡੀਆ ਉਤੇ ਇਸ ਕਾਰਵਾਈ ਦੀ ਨਿੰਦਾ ਹੁੰਦੀ ਰਹੀ।
ਸੈਕਟਰ 17 ਸਥਿਤ ਨਗਰ ਨਿਗਮ ਦਫਤਰ ਦੇ ਬਿਲਕੁਲ ਪਿਛਲੇ ਪਾਸੇ ਤਿੰਨ ਦਰੱਖਤ ਅਤੇ ਮਟਕਾ ਚੌਕ ਦੇ ਨੇੜੇ ਤਾਜ ਹੋਟਲ ਦੇ ਬਿਲਕੁਲ ਪਿਛਲੇ ਪਾਸੇ ਇਹ ਦਰੱਖਤ ਕੱਟੇ ਗਏ ਹਨ। ਵਾਤਾਵਰਣ ਪ੍ਰੇਮੀ ਪਾਵੀਲਾ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਦਰੱਖਤਾਂ ਦੀ ਕਟਾਈ ਬਾਰੇ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੂੰ ਵੀ ਦੱਸਿਆ ਜਿਨ੍ਹਾਂ ਨੇ ਸਾਈਕਲ ਟਰੈਕ ਬਣਾਉਣ ਦੀ ਗੱਲ ਦੱਸੀ।
ਵੇਰਵੇ ਅਨੁਸਾਰ ਸੈਕਟਰ 17 ਸਥਿਤ ਮਟਕਾ ਚੌਕ ਤੋਂ ਲੈ ਕੇ ਨਗਰ ਨਿਗਮ ਦਫਤਰ ਦੇ ਨੇੜਿਓਂ ਲੰਘਦੀ ਗ੍ਰੀਨ ਬੈਲਟ ਵਿੱਚ ਇਹ ਦਰੱਖਤ ਪ੍ਰਸਤਾਵਿਤ ਸਾਈਕਲ ਟਰੈਕ ਬਣਾਉਣ ਵਿੱਚ ਅੜਿੱਕਾ ਬਣ ਰਹੇ ਸਨ। ਪਾਵੀਲਾ ਬਾਲੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਣੇ ਸਾਈਕਲ ਟਰੈਕ ਬਣਾਉਣ ਵੇਲੇ ਹਰ ਵਾਰ ਦਰੱਖਤ ਕੱਟਣ ਦੀ ਥਾਂ ਟਰੈਕ ਨੂੰ ਘੁਮਾ ਦਿੱਤਾ ਜਾਂਦਾ ਰਿਹਾ ਹੈ ਤਾਂ ਫਿਰ ਹੁਣ ਇਹ ਦਰੱਖਤ ਕੱਟਣੇ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਕੱਟੇ ਗਏ ਵੱਡੇ ਦਰੱਖਤਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।
ਜਾਂਚ ਕਰਵਾਈ ਜਾਵੇਗੀ: ਨਿਗਮ ਕਮਿਸ਼ਨਰ
ਨਿਗਮ ਕਮਿਸ਼ਨਰ ਅਮਿਤ ਕੁਮਾਰ (ਆਈ ਏ ਐੱਸ) ਨੇ ਕਿਹਾ ਕਿ ਫਿਲਹਾਲ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਇਸ ਸਬੰਧੀ ਜਾਂਚ ਕਰਵਾਈ ਜਾਵੇਗੀ।

