Chandigarh Heritage Furniture Auction: ਵਿਰਾਸਤੀ ਫਰਨੀਚਰ ਦੀ ਨਿਲਾਮੀ ’ਤੇ ਕੇਂਦਰ ਸਰਕਾਰ ਖ਼ਾਮੋਸ਼
ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ ਹੁਣ ਬ੍ਰੱਸਲਜ਼ ’ਚ ਨਿਲਾਮ; ਅਗੇਤੀ ਜਾਣਕਾਰੀ ਦੇ ਬਾਵਜੂਦ ਕੋਈ ਕਦਮ ਨਾ ਚੁੱਕਣਾ ਹੈਰਾਨੀਜਨਕ
Chandigarh Heritage Furniture Auction: ਕੇਂਦਰ ਸਰਕਾਰ ਕੌਮਾਂਤਰੀ ਬਾਜ਼ਾਰ ’ਚ ਨਿਲਾਮ ਹੋ ਰਹੇ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਬਾਰੇ ਖ਼ਾਮੋਸ਼ ਹੈ। ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਥੋੜ੍ਹੇ ਸਮੇਂ ’ਚ ਕੌਮਾਂਤਰੀ ਪੱਧਰ ’ਤੇ ਦੂਸਰੀ ਵਾਰ ਵਿਕਰੀ ਹੋ ਗਈ ਹੈ ਪਰ ਭਾਰਤ ਸਰਕਾਰ ਇਸ ਮਾਮਲੇ ’ਚ ਚੁੱਪ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਸਭਿਆਚਾਰਕ ਮੰਤਰਾਲੇ ਦੀ ਅਵੇਸਲੀ ਨੀਤੀ ਵਿਰਾਸਤੀ ਫਰਨੀਚਰ ਦੇ ਰਸਤੇ ਹੋਰ ਮੋਕਲੇ ਕਰ ਰਹੀ ਹੈ। ਹਾਲ ’ਚ ਹੀ 18 ਜੂਨ ਨੂੰ ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ ਜੋ ਪੀਅਰ ਜੇਨਰੇਟ ਨੇ ਡਿਜ਼ਾਈਨ ਕੀਤਾ, ਬ੍ਰੱਸਲਜ਼ ’ਚ ਹੋਈ ਨਿਲਾਮੀ ’ਚ 1.60 ਕਰੋੜ ’ਚ ਵਿਕ ਗਿਆ ਹੈ।
ਚੰਡੀਗੜ੍ਹ ਦੇ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੈ ਜੱਗਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਬ੍ਰੱਸਲਜ਼ ’ਚ ਹੋਣ ਵਾਲੀ ਨਿਲਾਮੀ ਬਾਰੇ ਸੁਚੇਤ ਕੀਤਾ ਸੀ ਪਰ ਕੇਂਦਰ ਸਰਕਾਰ ਨੇ ਇਸ ਮਾਮਲੇ ’ਚ ਕੋਈ ਕੂਟਨੀਤਕ ਕਦਮ ਨਹੀਂ ਚੁੱਕਿਆ। ਨਤੀਜੇ ਵਜੋਂ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਿਰੇ ਲੱਗ ਗਈ। ਵਿਰਾਸਤੀ ਕਾਰਕੁਨ ਅਜੈ ਜੱਗਾ ਨੇ ਮੁੜ ਪੱਤਰ ਲਿਖ ਕੇ ਕੇਂਦਰ ਦੀ ਚੁੱਪ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਇਸ ਤੋਂ ਪਹਿਲਾਂ 4 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ ਐੱਮ ਐੱਲ ਏ ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇੱਕ ਜੋੜੇ ਅਤੇ ਚਾਰ ਲੋਅ ਸਟੂਲ ਦੇ ਸੈੱਟ ਦੀ ਅਮਰੀਕਾ ਦੇ ਸ਼ਿਕਾਗੋ ਵਿੱਚ 72,720 ਡਾਲਰ (59 ਲੱਖ ਰੁਪਏ ਤੋਂ ਵੱਧ) ਵਿੱਚ ਨਿਲਾਮੀ ਹੋਈ ਸੀ। ਦੋ ਲਾਊਂਜ ਚੇਅਰਜ਼ 42 ਲੱਖ ਰੁਪਏ ਤੋਂ ਵੱਧ ਰਾਸ਼ੀ ਵਿੱਚ ਵਿਕੀਆਂ, ਜਦੋਂ ਕਿ ਚਾਰ ਛੋਟੇ ਸਟੂਲਾਂ ਦੇ ਸੈੱਟ 17 ਲੱਖ ਰੁਪਏ ਤੋਂ ਵੱਧ ਵਿੱਚ ਨਿਲਾਮ ਹੋਏ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 4 ਜੂਨ ਨੂੰ ਨਿਲਾਮ ਹੋਏ ਵਿਰਾਸਤੀ ਫਰਨੀਚਰ ਦੀ ਕਸਟੱਡੀ ਬਾਰੇ ਰਿਪੋਰਟ ਮੰਗੀ ਸੀ।
ਕੇਂਦਰ ਸਰਕਾਰ ਵੱਲੋਂ ਅਗੇਤੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਠੋਸ ਕਦਮ ਨਾ ਉਠਾਏ ਜਾਣ ਤੋਂ ਨਵੇਂ ਸ਼ੰਕਿਆਂ ਨੇ ਜਨਮ ਲਿਆ ਹੈ। ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ ਜਨਤਕ ਅਦਾਰਿਆਂ ’ਚੋਂ ਕਿਵੇਂ ਗਾਇਬ ਹੋ ਕੇ ਕੌਮਾਂਤਰੀ ਨਿਲਾਮੀ ਘਰਾਂ ’ਚ ਪਹੁੰਚ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਵਿਰਾਸਤੀ ਕਾਰਕੁਨ ਅਜੈ ਜੱਗਾ ਨੇ ਮੰਗ ਕੀਤੀ ਹੈ ਕਿ ਨਿਲਾਮ ਵਸਤੂਆਂ ਦੀ ਮਾਲਕੀ ਅਤੇ ਇਨ੍ਹਾਂ ਦੇ ਕੌਮਾਂਤਰੀ ਬਾਜ਼ਾਰ ’ਚ ਪਹੁੰਚਣ ਦੀ ਜਾਂਚ ਕਰਾਈ ਜਾਵੇ। 18 ਜੂਨ ਨੂੰ ਹੋਈ ਨਿਲਾਮੀ ’ਚ ਸੋਫ਼ਾ, ਕੁਰਸੀਆਂ, ਬੈਂਚ, ਲਾਇਬ੍ਰੇਰੀ ਡੈਸਕ ਆਦਿ ਦੀ ਵਿਕਰੀ ਹੋਈ ਹੈ।
ਦੱਸਣਯੋਗ ਹੈ ਕਿ ਸਾਲ 1990 ਦੇ ਦਹਾਕੇ ’ਚ ਚੰਡੀਗੜ੍ਹ ਦੇ ਕੁਝ ਸਰਕਾਰੀ ਵਿਭਾਗਾਂ ਨੇ ਕੁੱਝ ਵਿਰਾਸਤੀ ਫਰਨੀਚਰ ਸਥਾਨਕ ਕਬਾੜੀਆਂ ਕੋਲ ਕੌਡੀਆਂ ਦੇ ਭਾਅ ਵੇਚ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ 2011 ’ਚ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਵਿਕਰੀ ਅਤੇ ਦੇਸ਼ ’ਚੋਂ ਇਸ ਨੂੰ ਬਾਹਰ ਭੇਜਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਇਸ ਪਾਬੰਦੀ ਦੇ ਬਾਵਜੂਦ ਵਿਰਾਸਤੀ ਫਰਨੀਚਰ ਅਮਰੀਕਾ ਅਤੇ ਬ੍ਰੱਸਲਜ਼ ਕਿਵੇਂ ਪਹੁੰਚਿਆ, ਹੈਰਾਨੀਜਨਕ ਹੈ। ਪਿਛਲੇ ਕੁਝ ਅਰਸੇ ਦੌਰਾਨ ਇਸੇ ਤਰ੍ਹਾਂ ਦੇ ਹੋਰ ਵੀ ਵਿਵਾਦ ਉੱਠੇ ਸਨ।

