Chandigarh Flights delayed: ਖਰਾਬ ਮੌਸਮ ਕਾਰਨ ਚੰਡੀਗੜ੍ਹ, ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ’ਤੇ ਉਡਾਣਾਂ ਪ੍ਰਭਾਵਿਤ
IndiGo and SpiceJet ਏਅਰਲਾਈਨਾਂ ਵੱਲੋਂ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ
ਦਿੱਲੀ, ਦੇਹਰਾਦੂਨ, ਰਾਂਚੀ ਅਤੇ ਕੋਲਕਾਤਾ ਵਿੱਚ ਖਰਾਬ ਮੌਸਮ ਕਾਰਨ ਹਵਾਈ ਸੇਵਾਵਾਂ ਵਿਚ ਵਿਘਨ ਪਿਆ ਹੈ। ਏਅਰਲਾਈਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਸ਼ਹਿਰਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਨ੍ਹਾਂ ਨੂੰ ਰੱਦ ਕੀਤਾ ਜਾ ਸਕਦਾ ਹੈ, ਜਿਸ ਕਾਰਨ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਡੀਗੋ ਏਅਰਲਾਈਨਜ਼ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਯਾਤਰੀ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਚੈੱਕ ਕਰ ਲੈਣ।
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਵਿਚ ਜੈਪੁਰ ਤੋਂ ਆਉਣ ਵਾਲੀਆਂ ਦੋਵੇਂ ਉਡਾਣਾਂ (ਸਵੇਰੇ 7:35 ਅਤੇ ਦੁਪਹਿਰ 2:35 ਵਾਲੀਆਂ) ਦੇਰੀ ਨਾਲ ਪਹੁੰਚੀਆਂ। ਇਸੇ ਤਰ੍ਹਾਂ ਧਰਮਸ਼ਾਲਾ ਤੋਂ ਦੁਪਹਿਰ 2:15 ਵਜੇ ਆਉਣ ਵਾਲੀ ਫਲਾਈਟ ਵੀ ਲੇਟ ਰਹੀ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ, ਜਿਸ ਦਾ ਸਮਾਂ ਦੁਪਹਿਰ 3:50 ਵਜੇ ਸੀ, ਸ਼ਾਮ 4:37 ਵਜੇ ਰਵਾਨਾ ਹੋ ਸਕੀ।
ਏਅਰਲਾਈਨ ਅਧਿਕਾਰੀਆਂ ਅਨੁਸਾਰ ਅੱਜ ਸ਼ਾਮ ਕੋਲਕਾਤਾ ਅਤੇ ਰਾਂਚੀ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਉੱਥੇ ਵੀ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇੰਡੀਗੋ ਨੇ ਕਿਹਾ ਹੈ ਕਿ ਹਾਲਾਂਕਿ ਉਨ੍ਹਾਂ ਦੀਆਂ ਟੀਮਾਂ ਸਭ ਕੁਝ ਸੁਚਾਰੂ ਰੂਪ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਖਰਾਬ ਮੌਸਮ ਕਾਰਨ ਕੰਮ ਦੀ ਰਫ਼ਤਾਰ ਸੁਸਤ ਹੋ ਸਕਦੀ ਹੈ।
ਮੁੰਬਈ ਅਤੇ ਦਿੱਲੀ ਵਿੱਚ ਉਡਾਣਾਂ ਰੱਦ
ਮੁੰਬਈ ਹਵਾਈ ਅੱਡੇ 'ਤੇ ਅੱਜ ਸਵੇਰੇ ਸਪਾਈਸਜੈੱਟ ਦੀਆਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕੱਲ੍ਹ ਤੋਂ ਹੀ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਵੱਡੇ ਹਵਾਈ ਅੱਡਿਆਂ 'ਤੇ ਉਡਾਣਾਂ ਦੇ ਰੱਦ ਹੋਣ, ਦੇਰੀ ਨਾਲ ਚੱਲਣ ਜਾਂ ਰੂਟ ਬਦਲੇ ਜਾਣ ਕਾਰਨ ਪੂਰਾ ਸ਼ਡਿਊਲ ਵਿਗੜ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲੇਹ ਵਿੱਚ ਵੀ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ।

