Chandigarh Farmer Protest: ਪਾਣੀਆਂ ਦੇ ਸਮਝੌਤੇ ਰੱਦ ਕਰਨ ਲਈ ਵਿਸ਼ੇਸ਼ ਇਜਲਾਸ ਸੱਦੇਗੀ ਪੰਜਾਬ ਸਰਕਾਰ
ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਸਹਿਮਤੀ ਬਣੀ; ਗੰਨੇ ਦਾ ਭਾਅ ਵਧਾਉਣ ਤੇ ਬਾਕੀ ਮੰਗਾਂ ਬਾਰੇ ਵੀ ਹਾਂ ਪੱਖੀ ਹੁੰਗਾਰਾ
ਇੱਥੇ ਚੰਡੀਗੜ੍ਹ ਦੀ ਹੱਦ ਉੱਤੇ ਪਹਿਲੀ ਸਤੰਬਰ ਤੋਂ ਧਰਨਾ ਲਾਈ ਬੈਠੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਸ਼ਾਮ 6 ਵਜੇ ਤੋਂ ਰਾਤ 8.30 ਵਜੇ ਤੱਕ ਮੀਟਿੰਗ ਚੱਲੀ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਕਾਰ ਵੱਖ-ਵੱਖ ਮੰਗਾਂ ਬਾਰੇ ਸਹਿਮਤੀ ਬਣੀ ਹੈ। ਮੀਟਿੰਗ ਬੇਹੱਦ ਸੁਖਾਵੇਂ ਮਾਹੌਲ ਵਿੱਚ ਹੋਈ।
ਮੀਟਿੰਗ ਵਿੱਚ ਹੋਈ ਸਹਿਮਤੀ ਅਨੁਸਾਰ ਪੰਜਾਬ ਨਾਲ ਪਾਣੀਆਂ ਸਬੰਧੀ ਹੋਏ ਗ਼ੈਰ-ਸੰਵਿਧਾਨਕ ਐਵਾਰਡ ਅਤੇ ਸਮਝੌਤੇ ਰੱਦ ਕਰਨ ਲਈ ਧਾਰਾ 78, 79, 80 ਰੱਦ ਕਰਨ, ਬੀਜ ਸੋਧ ਬਿੱਲ ਅਤੇ ਬਿਜਲੀ ਬਿੱਲਾਂ ਨੂੰ ਰੱਦ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਸਤੰਬਰ ਵਿੱਚ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ। ਵਿਧਾਨ ਸਭਾ ਵਿੱਚ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਸਹਿਕਾਰੀ ਬੈਂਕਾਂ ਦੀ ਇੱਕਮੁਸ਼ਤ ਕਰਜ਼ਾ ਸੈਟਲਮੈਂਟ ਸਬੰਧੀ ਵੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇਗਾ। ਕਿਸਾਨਾਂ ਦੀਆਂ ਮੋਟਰਾਂ ਅਤੇ ਕੇਬਲਾਂ ਚੋਰੀ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇਗੀ। ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਮੁਆਵਜ਼ੇ ਅਤੇ ਨੌਕਰੀ ਦੇ ਕੇਸਾਂ ਵਾਸਤੇ ਨੋਡਲ ਅਫਸਰ ਦੀ ਡਿਊਟੀ ਲਾਈ ਜਾਵੇਗੀ।
ਇਸੇ ਤਰ੍ਹਾਂ ਗੰਨੇ ਦਾ ਭਾਅ ਵਧਾਇਆ ਜਾਵੇਗਾ ਅਤੇ ਇਹ ਵਾਧਾ ਹਰਿਆਣਾ ਨਾਲੋਂ ਜ਼ਿਆਦਾ ਹੋਵੇਗਾ। ਨਹਿਰੀ ਸਿਸਟਮ ਦੇ ਮੋਘਿਆਂ ਨੂੰ ਵਿਗਿਆਨਿਕ ਆਧਾਰ ’ਤੇ ਦੁਬਾਰਾ ਠੀਕ ਕੀਤਾ ਜਾਵੇਗਾ। ਕਿਸਾਨਾਂ ’ਤੇ ਦਿੱਲੀ ਸੰਘਰਸ਼ ਸਮੇਂ ਚੰਡੀਗੜ੍ਹ ਵਿੱਚ ਦਰਜ ਹੋਏ ਕੇਸਾਂ ਨੂੰ ਵਾਪਸ ਕਰਾਉਣ ਲਈ ਵੀ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਕਿਸਾਨਾਂ ਦੇ ਹੋਰ ਮਸਲਿਆਂ ਸਬੰਧੀ ਸਾਂਝੀ ਕਮੇਟੀ ਬਣੇਗੀ, ਜਿਸ ਵਿੱਚ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਪ੍ਰੇਮ ਸਿੰਘ ਭੰਗੂ ਅਤੇ ਹੋਰ ਕਈ ਕਿਸਾਨ ਆਗੂਆਂ ਨੇ ਉਕਤ ਸਹਿਮਤੀ ਬਣਨ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਮੀਟਿੰਗ ਵਿੱਚ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਬਾਰੇ ਸੋਮਵਾਰ ਸਵੇਰੇ 9.30 ਵਜੇ ਤੱਕ ਲਿਖਤੀ ਪੱਤਰ ਕਿਸਾਨ ਜਥੇਬੰਦੀਆਂ ਨੂੰ ਸੌਂਪਿਆ ਜਾਵੇਗਾ। ਇਸ ਮਗਰੋਂ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਇਹ ਪੱਤਰ ਘੋਖਿਆ ਜਾਵੇਗਾ। ਮੀਟਿੰਗ ਵਿੱਚ ਬਣੀਆਂ ਸਹਿਮਤੀਆਂ ਅਨੁਸਾਰ ਲਿਖਤੀ ਪੱਤਰ ਹੋਣ ਦੀ ਸੂਰਤ ਵਿੱਚ ਸੰਯੁਕਤ ਕਿਸਾਨ ਮੋਰਚਾ, ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਵੇਗਾ, ਜਿਸ ਮਗਰੋਂ ਪੰਡਾਲ ਵਿੱਚ ਹੋਣ ਵਾਲੀ ਕਿਸਾਨ ਇਕੱਤਰਤਾ ’ਚ ਦੁਪਹਿਰ 2 ਵਜੇ ਆ ਕੇ ਖੇਤੀਬਾੜੀ ਮੰਤਰੀ ਜਾਂ ਸਿਹਤ ਮੰਤਰੀ ਖ਼ੁਦ ਪ੍ਰਵਾਨ ਕੀਤੀਆਂ ਮੰਗਾਂ ਬਾਰੇ ਐਲਾਨ ਕਰਨਗੇ ਅਤੇ ਉਸ ਉਪਰੰਤ ਧਰਨਾ ਸਮਾਪਤ ਹੋ ਜਾਵੇਗਾ।
ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਰੂਪਨਗਰ ਰੇਂਜ ਦੇ ਡੀ ਆਈ ਜੀ ਡਾ. ਨਾਨਕ ਸਿੰਘ ਅਤੇ ਐੱਸ ਐੱਸ ਪੀ ਮੁਹਾਲੀ ਵਰੁਨ ਸ਼ਰਮਾ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਦੇ 25 ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚ ਬਲਵੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਧਨੇਰ, ਹਰਿੰਦਰ ਸਿੰਘ ਲੱਖੋਵਾਲ, ਗੁਰਮੀਤ ਸਿੰਘ ਮਹਿਮਾ, ਹਰਭਜਨ ਸਿੰਘ ਬੁੱਟਰ, ਡਾ. ਸਤਨਾਮ ਸਿੰਘ ਅਜਨਾਲਾ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ ਚੌਹਾਨ, ਪ੍ਰੇਮ ਸਿੰਘ ਭੰਗੂ, ਹਰਮੀਤ ਸਿੰਘ ਕਾਦੀਆਂ, ਮਲੂਕ ਸਿੰਘ ਹੀਰ ਕੇ, ਬੂਟਾ ਸਿੰਘ ਬੁਰਜ ਗਿੱਲ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਲਵਿੰਦਰ ਸਿੰਘ ਰਾਜੂ ਔਲਖ, ਬਲਦੇਵ ਸਿੰਘ ਨਿਹਾਲਗੜ੍ਹ, ਦਲਬੀਰ ਸਿੰਘ ਸਿੱਧੂਪੁਰ, ਵੀਰ ਸਿੰਘ ਬੜਵਾ ਤੇ ਨਛੱਤਰ ਸਿੰਘ ਜੈਤੋ ਸਣੇ ਕੁੱਲ 25 ਆਗੂ ਸ਼ਾਮਲ ਸਨ।

