Chandigarh Congress: ਵਿਦਿਆਰਥੀਆਂ ’ਤੇ ਗੋਲੀ ਚਲਾਉਣ ਖ਼ਿਲਾਫ਼ ਮੁਜ਼ਾਹਰਾ
ਬਿਹਾਰ ਵਿੱਚ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਅਤੇ ਗੋਲੀਬਾਰੀ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਐੱਨ ਐੱਸ ਯੂ ਆਈ ਨੇ ਸੈਕਟਰ 17 ਪਲਾਜ਼ਾ ਵਿੱਚ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਚੰਡੀਗੜ੍ਹ ਪ੍ਰਦੇਸ਼...
ਬਿਹਾਰ ਵਿੱਚ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਅਤੇ ਗੋਲੀਬਾਰੀ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਐੱਨ ਐੱਸ ਯੂ ਆਈ ਨੇ ਸੈਕਟਰ 17 ਪਲਾਜ਼ਾ ਵਿੱਚ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ ਐੱਸ ਲੱਕੀ ਅਤੇ ਵਿਦਿਆਰਥੀ ਵਿੰਗ ਐੱਨ ਐੱਸ ਯੂ ਆਈ ਦੇ ‘ਵਿਦਿਆਰਥੀਆਂ ਦੀ ਗੂੰਜ’ ਅਭਿਆਨ ਦੇ ਚੰਡੀਗੜ੍ਹ ਇੰਚਾਰਜ ਹੁਸੈਨ ਸੁਲਤਾਨੀਆ ਨੇ ਕੀਤੀ।
ਇਸ ਦੌਰਾਨ ਕਾਂਗਰਸ ਅਤੇ ਐੱਨ ਐੱਸ ਯੂ ਆਈ ਦੇ ਆਗੂਆਂ ਅਤੇ ਕਾਰਕੁਨਾਂ ਨੇ ਬਿਹਾਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਨਿਆਂਇਕ ਜਾਂਚ ਅਤੇ ਜ਼ਖ਼ਮੀ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਮੌਕੇ ਰਾਜਦੀਪ ਸਿੱਧੂ, ਸਚਿਨ ਗਾਲਵ, ਜਤਿਨ ਸਿੰਘ, ਰਾਹੁਲ ਸਣੇ ਕਾਂਗਰਸ ਅਤੇ ਐੱਨ ਐੱਸ ਯੂ ਆਈ ਦੇ ਕਈ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।
ਸ੍ਰੀ ਲੱਕੀ ਨੇ ਕਿਹਾ ਕਿ ਬਿਹਾਰ ਵਿੱਚ ਵਿਦਿਆਰਥੀਆਂ ’ਤੇ ਗੋਲੀਆਂ ਚਲਵਾਉਣਾ ਲੋਕਤੰਤਰ ਦਾ ਕਤਲ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਭਾਜਪਾ-ਜਦਯੂ ਸਰਕਾਰ ਨੌਜਵਾਨਾਂ ਦੇ ਸਵਾਲਾਂ ਤੋਂ ਘਬਰਾ ਚੁੱਕੀ ਹੈ ਅਤੇ ਹੁਣ ਲੋਕਤੰਤਰੀ ਆਵਾਜ਼ਾਂ ਦਾ ਜਵਾਬ ਗੱਲਬਾਤ ਨਾਲ ਨਹੀਂ, ਸਗੋਂ ਬੰਦੂਕ ਦੀਆਂ ਗੋਲੀਆਂ ਨਾਲ ਦੇ ਰਹੀ ਹੈ। ਜਿਸ ਦੇਸ਼ ਦਾ ਨੌਜਵਾਨ ਰੁਜ਼ਗਾਰ, ਪਾਰਦਰਸ਼ੀ ਭਰਤੀ ਅਤੇ ਬਿਹਤਰ ਸਿੱਖਿਆ ਦੀ ਮੰਗ ਕਰੇ ਅਤੇ ਉਸ ਦੇ ਬਦਲੇ ਉਸ ਨੂੰ ਲਾਠੀਆਂ ਅਤੇ ਗੋਲੀਆਂ ਮਿਲਣ, ਉਸ ਤੋਂ ਵੱਡੀ ਕਿਸੇ ਵੀ ਸਰਕਾਰ ਦੀ ਨਾਕਾਮੀ ਨਹੀਂ ਹੋ ਸਕਦੀ। ਕਾਂਗਰਸ ਪਾਰਟੀ ਹਰ ਵਿਦਿਆਰਥੀ ਦੇ ਸਨਮਾਨ, ਅਧਿਕਾਰਾਂ ਅਤੇ ਭਵਿੱਖ ਦੀ ਰੱਖਿਆ ਲਈ ਸੜਕ ਤੋਂ ਲੈ ਕੇ ਸਦਨ ਤੱਕ ਸੰਘਰਸ਼ ਕਰਦੀ ਰਹੇਗੀ।
ਹੁਸੈਨ ਸੁਲਤਾਨੀਆ ਨੇ ਕਿਹਾ ਕਿ ਜਿਹੜੀ ਸਰਕਾਰ ਵਿਦਿਆਰਥੀਆਂ ਦੀ ਕਲਮ ਅਤੇ ਸੰਵਿਧਾਨ ਦੀ ਤਾਕਤ ਤੋਂ ਡਰ ਕੇ ਗੋਲੀਆਂ ਚਲਵਾਏ, ਉਸ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਐੱਨ ਐੱਸ ਯੂ ਆਈ ਇਸ ਦਮਨ ਖ਼ਿਲਾਫ਼ ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।

