Chandigarh Building Collapse: ਦੋ ਮੰਜ਼ਿਲਾ ਇਮਾਰਤ ਡਿੱਗੀ; ਦੋ ਹਲਾਕ; ਮਲਬੇ ਹੇਠੋਂ ਪੰਜ ਜਣਿਆਂ ਨੂੰ ਕੱਢਿਆ
ਪੁਲੀਸ ਦੋ ਜਣਿਆਂ ਨੂੰ ਕੱਪੜੇ ਵਿਚ ਢੱਕ ਕੇ ਹਸਪਤਾਲ ਲੈ ਕੇ ਗਈ
ਚੰਡੀਗੜ੍ਹ ਵਿੱਚ ਸ਼ਨਿਚਰਵਾਰ ਨੂੰ ਇੱਕ ਦੋ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਕਾਰਨ ਦੋ ਵਿਅਕਤੀ ਹਲਾਕ ਹੋ ਗਏ ਹਨ। ਪੁਲੀਸ ਅਨੁਸਾਰ ਇਸ ਇਮਾਰਤ ਹੇਠੋਂ ਸਾਰੇ ਜਣਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ।
ਇੱਥੇ ਅੱਜ ਦੁਪਹਿਰ ਸਮੇਂ ਮੀਂਹ ਤੋਂ ਬਾਅਦ ਸ਼ਾਮ ਵੇਲੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਸਥਿਤ 50 ਸਾਲ ਪੁਰਾਣੀ ਦੋ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਇਸ ਦੌਰਾਨ ਕਈ ਲੋਕ ਮਲਬੇ ਹੇਠ ਦੱਬ ਗਏ। ਐੱਨ ਡੀ ਆਰ ਐੱਫ ਤੇ ਹੋਰਨਾਂ ਟੀਮਾਂ ਵੱਲੋਂ ਦੇਰ ਰਾਤ ਤੱਕ ਪੰਜ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਦੋ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ।
ਐੱਨ ਡੀ ਆਰ ਐੱਫ ਵੱਲੋਂ ਸੁਰੱਖਿਅਤ ਬਾਹਰ ਕੱਢੇ ਗਏ ਵਿਅਕਤੀਆਂ ਵਿੱਚ ਕੁਲਦੀਪ, ਕੁਲਬੀਰ, ਉਮੇਸ਼, ਰਾਹੁਲ ਅਤੇ ਅਜੀਤੇਸ਼ ਸ਼ਾਮਲ ਹਨ। ਇਨ੍ਹਾਂ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸ਼ਾਮ 4.30 ਵਜੇ ਦੇ ਕਰੀਬ ਨਿਰਮਾਣ ਅਧੀਨ ਦੋ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਦੌਰਾਨ ਇਮਾਰਤ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਕੰਮ ਕਰ ਰਹੇ ਸਨ। ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ, ਫਾਇਰ ਬ੍ਰਿਗੇਡ ਅਤੇ ਹੋਰ ਬਚਾਅ ਦਸਤੇ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਸੜਕ ’ਤੇ ਆਵਾਜਾਈ ਨੂੰ ਰੋਕ ਕੇ ਬਚਾਅ ਕਾਰਜ ਵਿੱਢ ਦਿੱਤੇ। ਹਾਲਾਂਕਿ ਐੱਨ ਡੀ ਆਰ ਐੱਫ ਦੀਆਂ ਟੀਮਾਂ ਦੋ ਘੰਟੇ ਦੇਰੀ ਨਾਲ ਪਹੁੰਚੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਇਹ ਇਮਾਰਤ 50 ਸਾਲ ਤੋਂ ਵੱਧ ਪੁਰਾਣੀ ਹੈ, ਜਿਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ। ਹੁਣ ਕਿਸੇ ਵਿਅਕਤੀ ਵੱਲੋਂ ਕੁਝ ਸਮਾਂ ਪਹਿਲਾਂ ਇਮਾਰਤ ਨੂੰ ਕਿਰਾਏ ’ਤੇ ਲਿਆ ਗਿਆ, ਜੋ ਇਮਾਰਤ ਦੀ ਮੁਰੰਮਤ ਕਰਵਾ ਰਿਹਾ ਸੀ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗੀ।
