Chandigarh Bomb Threat: ਪਾਸਪੋਰਟ ਦਫ਼ਤਰ ਨੂੰ ਮਿਲੀ ਬੰਬ ਦੀ ਧਮਕੀ
ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਾ ਮਿਲਿਆ; ਪੁਲੀਸ ਵੱਲੋਂ ਜਾਂਚ ਜਾਰੀ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਪਾਸਪੋਰਟ ਦਫ਼ਤਰ ਨੂੰ ਸੋਮਵਾਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਮੁਹਿੰਮ ਚਲਾ ਕੇ ਜਾਂਚ ਕੀਤੀ।
ਸੈਕਟਰ 31 ਦੇ ਐਸ.ਐਚ.ਓ ਹਰੀ ਓਮ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਦਫ਼ਤਰ ਵਿੱਚ ਮੌਜੂਦ ਲੋਕਾਂ ਨੂੰ ਕੁਝ ਦੇਰ ਲਈ ਬਾਹਰ ਜਾਣ ਲਈ ਕਿਹਾ ਗਿਆ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਭਗਦੜ ਜਾਂ ਡਰ ਦਾ ਮਾਹੌਲ ਪੈਦਾ ਨਾ ਹੋਵੇ। ਪੁਲੀਸ ਅਤੇ ਸੁਰੱਖਿਆ ਟੀਮਾਂ ਵੱਲੋਂ ਪੂਰੀ ਇਮਾਰਤ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਜਾਂਚ ਦੌਰਾਨ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।
ਪੁਲੀਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਧਮਕੀ ਭਰੀ ਈਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਚੰਡੀਗੜ੍ਹ ਦੇ ਕੁਝ ਸਕੂਲਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ ਜੋ ਬਾਅਦ ਵਿੱਚ ਅਫ਼ਵਾਹ ਸਾਬਤ ਹੋਈਆਂ। ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਸਕੂਲਾਂ ਅਤੇ ਹਾਈ ਕੋਰਟ ਨੂੰ ਵੀ ਅਜਿਹੇ ਧਮਕੀ ਭਰੇ ਸੰਦੇਸ਼ ਮਿਲ ਚੁੱਕੇ ਹਨ, ਜਿਨ੍ਹਾਂ ਕਾਰਨ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।

