Chandigarh Airport: ਭਾਰੀ ਮੀਂਹ ਕਾਰਨ Chandigarh ਆਉਣ ਵਾਲੀ IndiGo Flight ਜੈਪੁਰ ਭੇਜੀ
Chandigarh Airport ਵਿਚ ਦਿਸਣਯੋਗਤਾ ਘੱਟ ਹੋਣ ਕਾਰਨ ਨਾ ਹੋ ਸਕੀ ਲੈਂਡਿੰਗ; ਕੋਲਕਾਤਾ ਤੋਂ ਆ ਰਹੀ ਸੀ ਇੰਡੀਗੋ ਦੀ ਫਲਾਈਟ; ਪੰਜਾਬ ਤੇ ਚੰਡੀਗੜ੍ਹ ਵਿਚ ਭਾਰੀ ਮੀਂਹ
Chandigarh Flight Diverted: ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਦੁਪਹਿਰ ਵੇਲੇ ਭਾਰੀ ਮੀਂਹ ਪਿਆ ਜਿਸ ਕਾਰਨ ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਜੈਪੁਰ ਭੇਜਣਾ ਪਿਆ। ਇਸ ਉਡਾਣ ਦੀ ਜੈਪੁਰ ਵਿਚ ਸੁਰੱਖਿਅਤ ਲੈਂਡਿੰਗ ਹੋ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਇੰਡੀਗੋ ਦੀ ਇਕ ਫਲਾਈਟ ਵਿਚ ਸਮੱਸਿਆ ਆਈ ਸੀ।
ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ 6E 874 ਜਦੋਂ ਚੰਡੀਗੜ੍ਹ ਏਅਰਪੋਰਟ ਨੇੜੇ ਪਹੁੰਚੀ ਤਾਂ ਮੀਂਹ ਬਹੁਤ ਤੇਜ਼ ਹੋ ਗਿਆ ਜਿਸ ਕਾਰਨ ਦਿਸਣਯੋਗਤਾ ਘੱਟ ਗਈ। ਪਾਇਲਟ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲੈਂਡਿੰਗ ਨਾ ਕਰਨ ਦਾ ਫੈਸਲਾ ਲਿਆ ਅਤੇ ਫਲਾਈਟ ਨੂੰ ਜੈਪੁਰ ਵੱਲ ਮੋੜ ਦਿੱਤਾ। ਇਸ ਤੋਂ ਬਾਅਦ ਇਹ ਫਲਾਈਟ ਦੁਪਹਿਰ 3:23 ਵਜੇ ਜੈਪੁਰ ਏਅਰਪੋਰਟ ’ਤੇ ਸੁਰੱਖਿਅਤ ਉਤਰੀ ਜਿਸ ਨਾਲ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਪੰਜਾਬ ਤੇ ਚੰਡੀਗੜ੍ਹ ਵਿਚ ਬੀਤੇ ਕਈ ਦਿਨ ਤੋਂ ਗਰਮੀ ਦਾ ਕਹਿਰ ਜਾਰੀ ਸੀ ਤੇ ਅੱਜ ਮੌਨਸੂਨ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਐਤਵਾਰ ਦੁਪਹਿਰ ਨੂੰ ਚੰਡੀਗੜ੍ਹ, ਮੁਹਾਲੀ ਅਤੇ ਜਲੰਧਰ ਸਮੇਤ ਕਈ ਹਿੱਸਿਆਂ ਵਿੱਚ ਹੋਈ ਤੇਜ਼ ਮੀਂਹ ਪਿਆ ਜਿਸ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਮੁਹਾਲੀ ਦੇ ਫੇਜ਼-2 ਤੇ ਫੇਜ਼ ਪੰਜ ਵਿਚ ਕਈ ਖੇਤਰਾਂ ਵਿਚ ਪਾਣੀ ਭਰਨ ਦੀ ਵੀ ਖਬਰ ਹੈ।
ਚੰਡੀਗੜ੍ਹ ਉਤਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ
ਜਾਣਕਾਰੀ ਅਨੁਸਾਰ ਇਹ ਉਡਾਣ ਕੋਲਕਾਤਾ ਤੋਂ ਸਵੇਰੇ 11:38 ਵਜੇ ਰਵਾਨਾ ਹੋਈ ਸੀ ਤੇ ਆਪਣੇ ਤੈਅ ਸਮਾਂ-ਸਾਰਣੀ ਮੁਤਾਬਕ ਦੁਪਹਿਰ ਕਰੀਬ 2 ਵਜੇ ਚੰਡੀਗੜ੍ਹ ਹਵਾਈ ਅੱਡੇ ’ਤੇ ਉਤਰਨਾ ਸੀ। ਇਸ ਦੌਰਾਨ ਚੰਡੀਗੜ੍ਹ ਦਾ ਮੌਸਮ ਅਚਾਨਕ ਖਰਾਬ ਹੋ ਗਿਆ ਅਤੇ ਤੇਜ਼ ਮੀਂਹ ਪੈਣ ਲੱਗ ਪਿਆ। ਹਵਾਈ ਅੱਡੇ 'ਤੇ ਉਡਾਣ ਦੇ ਉਤਰਨ ਲਈ ਮੌਸਮ ਸਾਜ਼ਗਾਰ ਨਹੀਂ ਸੀ, ਜਿਸ ਕਰਕੇ ਪਾਇਲਟ ਅਤੇ ਅਧਿਕਾਰੀਆਂ ਵੱਲੋਂ ਫਲਾਈਟ ਨੂੰ ਚੰਡੀਗੜ੍ਹ ਲਿਆਉਣ ਦੀ ਬਜਾਏ ਜੈਪੁਰ ਵੱਲ ਮੋੜਨ ਦਾ ਫ਼ੈਸਲਾ ਲਿਆ ਗਿਆ। ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਫਲਾਈਟ ਨੂੰ ਜੈਪੁਰ ਲਿਜਾ ਕੇ ਉੱਥੇ ਦੁਪਹਿਰ 3:23 ਵਜੇ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾ ਦਿੱਤਾ।
ਇਸ ਫਲਾਈਟ ਵਿਚ ਕਿੰਨੇ ਯਾਤਰੀ ਸਵਾਰ ਸਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਐਤਵਾਰ ਅਤੇ ਛੁੱਟੀ ਦਾ ਦਿਨ ਹੋਣ ਕਾਰਨ ਫਲਾਈਟ ਵਿੱਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਫਲਾਈਟ ਨੂੰ ਐਨ ਮੌਕੇ ’ਤੇ ਜੈਪੁਰ ਡਾਇਵਰਟ ਕੀਤੇ ਜਾਣ ਕਾਰਨ ਚੰਡੀਗੜ੍ਹ ਪਹੁੰਚਣ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

