ਚੰਡੀਗੜ੍ਹ: ਪੀਜੀਆਈ ਦੇ ਕੋਵਿਡ ਹਸਪਤਾਲ ਦੀ ਨਰਸ ਸਮੇਤ 21 ਕਰੋਨਾ ਪਾਜ਼ੇਟਿਵ

ਜੀਐੱਮਸੀਐੱਚ-32 ਦੇ ਦੋ ਸਟਾਫ਼ ਮੈਂਬਰ ਵੀ ਸ਼ਾਮਲ, ਚੰਡੀਗੜ੍ਹ ’ਚ ਮਰੀਜ਼ਾਂ ਦਾ ਕੁੱਲ ਅੰਕੜਾ 487 ਹੋਇਆ

ਚੰਡੀਗੜ੍ਹ: ਪੀਜੀਆਈ ਦੇ ਕੋਵਿਡ ਹਸਪਤਾਲ ਦੀ ਨਰਸ ਸਮੇਤ 21 ਕਰੋਨਾ ਪਾਜ਼ੇਟਿਵ

ਚੰਡੀਗਡ਼੍ਹ ਤੇ ਮੁਹਾਲੀ ’ਚ ਸੋਮਵਾਰ ਨੂੰ ਕਰੋਨਾ ਦੇ ਜ਼ਿਆਦਾ ਕੇਸ ਆੳੁਣ ਤੋਂ ਬਾਅਦ ਚੰਡੀਗਡ਼੍ਹ ਪੁਲੀਸ ਨੇ ਨਾਕਿਆਂ ’ਤੇ ਸਖ਼ਤੀ ਵਧਾ ਦਿੱਤੀ। ਸੋਮਵਾਰ ਨੂੰ ਜ਼ੀਰਕਪੁਰ ਤੋਂ ਚੰਡੀਗਡ਼੍ਹ ਵੱਲ ਆੳੁਂਦੀਆਂ ਗੱਡੀਆਂ ਦੀ ਚੈਕਿੰਗ ਕੀਤੇ ਜਾਣ ਦਾ ਦਿ੍ਰਸ਼। -ਫੋਟੋ: ਨਿਤਿਨ ਮਿੱਤਲ

ਕੁਲਦੀਪ ਸਿੰਘ
ਚੰਡੀਗੜ੍ਹ, 6 ਜੁਲਾਈ

ਕਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਕਰਨ ਲਈ ਭਾਵੇਂ ਪੀਜੀਆਈ ਪ੍ਰਬੰਧਨ ਵੱਲੋਂ ਡਾਕਟਰਾਂ ਤੇ ਹੋਰ ਸਟਾਫ਼ ਨੂੰ ਹਰ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪ੍ਰੰਤੂ ਇਸ ਦੇ ਬਾਵਜੂਦ ਇੱਥੋਂ ਦੇ ਕੋਵਿਡ ਹਸਪਤਾਲ ਵਿਖੇ ਤਾਇਨਾਤ ਇੱਕ 30 ਸਾਲਾ ਨਰਸ ਕਰੋਨਾ ਦੀ ਚਪੇਟ ਵਿੱਚ ਆ ਗਈ ਹੈ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀ.ਐਮ.ਸੀ.ਐੱਚ.) ਸੈਕਟਰ 32 ਵਿਖੇ ਤਾਇਨਾਤ ਦੋ ਸਟਾਫ਼ ਮੈਂਬਰਾਂ ਨੂੰ ਵੀ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ 40 ਸਾਲਾ ਵਿਅਕਤੀ ਦੜੂਆ ਦਾ ਵਸਨੀਕ ਹੈ ਜਦਕਿ ਦੂਸਰਾ 48 ਸਾਲਾ ਮਰੀਜ਼ ਸੈਕਟਰ 32 ਦਾ ਵਸਨੀਕ ਹੈ। ਇਹ ਦੋਵੇਂ ਮਰੀਜ਼ ਪਹਿਲਾਂ ਤੋਂ ਕਰੋਨਾ ਪਾਜ਼ੇਟਿਵ ਇੱਕ ਪੁਰਸ਼ ਨਰਸ ਮਰੀਜ਼ ਦੇ ਸੰਪਰਕ ਵਿੱਚ ਆਏ ਸਨ। ਉਕਤ ਤਿੰਨ ਮਰੀਜ਼ਾਂ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਸੈਕਟਰਾਂ ਅਤੇ ਪਿੰਡਾਂ ਵਿੱਚੋਂ ਵੀ 18 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ।

ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਕੀ ਦੇ 20 ਮਰੀਜ਼ਾਂ ਵਿੱਚ ਪਿੰਡ ਦੜੂਆ ਤੋਂ 15 ਅਤੇ 11 ਸਾਲਾ ਲੜਕੀਆਂ ਅਤੇ 43 ਸਾਲਾ ਵਿਅਕਤੀ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ। ਸੈਕਟਰ 21 ਤੋਂ 5 ਸਾਲਾ ਬੱਚਾ ਅਤੇ 61 ਸਾਲਾ ਔਰਤ, ਡੱਡੂਮਾਜਰਾ ਕਲੋਨੀ ਤੋਂ 34 ਸਾਲਾ ਔਰਤ, ਪਿੰਡ ਬਹਿਲਾਣਾ ਤੋਂ 37 ਸਾਲਾ ਵਿਅਕਤੀ, ਸੈਕਟਰ 20 ਤੋਂ 25 ਸਾਲਾ ਲੜਕਾ, ਸੈਕਟਰ 40 ਤੋਂ 44 ਸਾਲਾ ਔਰਤ, ਸੈਕਟਰ 30 ਤੋਂ 22 ਸਾਲਾ ਲੜਕੀ, 26 ਸਾਲਾ ਲੜਕੀ, 16 ਸਾਲਾ ਲੜਕੀ, 55 ਸਾਲਾ ਔਰਤ, ਸੈਕਟਰ-38 ਤੋਂ 67 ਸਾਲਾ ਔਰਤ, ਸੈਕਟਰ 15 ਤੋਂ 39 ਸਾਲਾ ਔਰਤ, ਸੈਕਟਰ-32 ਤੋਂ 42 ਸਾਲਾ ਵਿਅਕਤੀ, ਪਿੰਡ ਖੁੱਡਾ ਲਾਹੌਰਾ ਤੋਂ 64 ਸਾਲਾ ਵਿਅਕਤੀ, ਸੈਕਟਰ 31 ਤੋਂ 21 ਸਾਲਾ ਲੜਕੇ ਨੂੰ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਸ਼ਹਿਰ ਨਿਵਾਸੀਆਂ ਲਈ ਅੱਜ ਰਾਹਤ ਵਾਲੀ ਖ਼ਬਰ ਇਹ ਰਹੀ ਕਿ 6 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਵੀ ਕੀਤੇ ਗਏ ਹਨ। ਇਨ੍ਹਾਂ ਡਿਸਚਾਰਜ ਕੀਤੇ ਗਏ ਮਰੀਜ਼ਾਂ ਵਿੱਚ ਪਿੰਡ ਖੁੱਡਾ ਅਲੀਸ਼ੇਰ ਤੋਂ 2 ਅਤੇ 7 ਸਾਲਾ ਬੱਚਿਆਂ ਸਮੇਤ ਇੱਕ 55 ਸਾਲਾ ਔਰਤ, ਸੈਕਟਰ 22 ਤੋਂ 45 ਸਾਲਾ ਵਿਅਕਤੀ, ਸੈਕਟਰ 41 ਤੋਂ 45 ਸਾਲਾ ਔਰਤ ਅਤੇ ਰਾਮਦਰਬਾਰ ਤੋਂ 48 ਸਾਲਾ ਔਰਤ ਸ਼ਾਮਿਲ ਹਨ।

ਅੱਜ ਉਕਤ 21 ਹੋਰ ਮਰੀਜ਼ਾਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 487 ਹੋ ਗਈ ਹੈ ਜਿਨ੍ਹਾਂ ਵਿਚੋਂ 6 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਅੱਜ 6 ਹੋਰ ਮਰੀਜ਼ਾਂ ਦੇ ਠੀਕ ਹੋਣ ’ਤੇ ਡਿਸਚਾਰਜ ਹੋ ਚੁੱਕੇ ਕੁੱਲ ਮਰੀਜ਼ਾਂ ਦੀ ਗਿਣਤੀ 401 ਹੋ ਗਈ ਹੈ ਅਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 80 ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All