ਸੰਜੀਵ ਬੱਬੀ
ਚਮਕੌਰ ਸਾਹਿਬ, 7 ਸਤੰਬਰ
ਨਗਰ ਕੌਂਸਲ ਚਮਕੌਰ ਸਾਹਿਬ ਦੇ ਵਾਰਡ ਨੰਬਰ ਤੋਂ ਕੌਂਸਲਰ ਭੁਪਿੰਦਰ ਸਿੰਘ ਭੂਰਾ ਨੂੰ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਉੱਪ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਦੀ ਪਹਿਲੀ ਉੱਪ ਪ੍ਰਧਾਨ ਪਰਮਜੀਤ ਕੌਰ ਦਾ ਕਾਰਜਕਾਲ ਪੂਰਾ ਹੋਣ ’ਤੇ ਇਹ ਚੋਣ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਕਰਵਾਈ ਗਈ, ਜਿਸ ਵਿੱਚ ਸ਼ਹਿਰ ਦੇ 13 ਵਿੱਚੋਂ 8 ਕੌਂਸਲਰਾਂ ਨੇ ਹਿੱਸਾ ਲਿਆ। ਚੋਣ ਦੌਰਾਨ ਕੌਂਸਲਰ ਸੁਖਵੀਰ ਸਿੰਘ ਨੇ ਭੁਪਿੰਦਰ ਸਿੰਘ ਭੂਰਾ ਦਾ ਨਾਮ ਉੱਪ ਪ੍ਰਧਾਨਗੀ ਲਈ ਪੇਸ਼ ਕੀਤਾ, ਜਦੋਂ ਕਿ ਇਸ ਤਾਈਦ ਕੌਂਸਲਰ ਗੁਰਮੀਤ ਸਿੰਘ ਵੱਲੋਂ ਕੀਤੀ ਗਈ। ਸ੍ਰੀ ਭੂਰਾ ਨੂੰ ਸਰਬਸੰਮਤੀ ਨਾਲ ਉੱਪ ਪ੍ਰਧਾਨ ਚੁਣਿਆ ਗਿਆ। ਉੱਪ ਪ੍ਰਧਾਨ ਚੁਣਨ ’ਤੇ ਸ੍ਰੀ ਭੂਰਾ ਆਪਣੇ ਸਾਥੀ ਕੌਂਸਲਰਾਂ ਸਮੇਤ ਇਤਿਹਾਸਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸਾਥੀ ਕੌਂਸਲਰਾਂ ਕ੍ਰਿਪਾਲ ਸਿੰਘ ਗਿੱਲ, ਕਮਲੇਸ਼ ਵਰਮਾ, ਪਰਮਜੀਤ ਕੌਰ, ਗੁਰਮੀਤ ਸਿੰਘ, ਸੰਤੋਸ਼ ਕੁਮਾਰੀ, ਹਰਜੀਤ ਕੌਰ ਅਤੇ ਸੁਖਵੀਰ ਸਿੰਘ ਦਾ ਵੀ ਧੰਨਵਾਦ ਕੀਤਾ, ਜਨਿ੍ਹਾਂ ਉੱਪ ਪ੍ਰਧਾਨਗੀ ਲਈ ਉਨ੍ਹਾਂ ਦਾ ਸਮਰਥਨ ਕੀਤਾ। ਚੋਣ ਦੌਰਾਨ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਨ੍ਹਾਂ ਦੇ ਸਾਥੀ ਕੌਂਸਲਰ ਗੈਰਹਾਜ਼ਰ ਰਹੇ। ਚੋਣ ਤੋਂ ਪਹਿਲਾਂ ਕੌਂਸਲਰ ਕ੍ਰਿਪਾਲ ਸਿੰਘ ਗਿੱਲ ਅਤੇ ਹਰਜੀਤ ਕੌਰ ਆਪ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।