ਵਪਾਰ ਮੰਡਲ ਦੇ ਵਫ਼ਦ ਵੱਲੋਂ ਮੁੱਖ ਸਕੱਤਰ ਨਾਲ ਮੁਲਾਕਾਤ
ਵੈਟ ਕੇਸਾਂ ਲਈ ਓ ਟੀ ਐੱਸ ਸਕੀਮ ਤੇ ਇਮਾਰਤ ਉਪ-ਨੇਮਾਂ ’ਚ ਤਬਦੀਲੀ ’ਤੇ ਜ਼ੋਰ
ਚੰਡੀਗੜ੍ਹ ਵਪਾਰ ਮੰਡਲ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਦੇ ਨਵ-ਨਿਯੁਕਤ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ ਆਈ ਏ ਐੱਸ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਨੇ ਮੁੱਖ ਸਕੱਤਰ ਨੂੰ ਗੁਲਦਸਤਾ ਭੇਟ ਕੀਤਾ ਤੇ ਚੰਡੀਗੜ੍ਹ ਦੇ ਵਪਾਰਕ ਭਾਈਚਾਰੇ ਦੇ ਇਕਲੌਤੇ ਪ੍ਰਤੀਨਿਧੀ ਵਜੋਂ ਵਪਾਰ ਮੰਡਲ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੁਰਾਣੇ ਵੈਟ ਕੇਸਾਂ ਲਈ ਜਲਦੀ ਓ ਟੀ ਐੱਸ ਸਕੀਮ ਤੇ ਇਮਾਰਤ ਉਪ-ਨਿਯਮਾਂ ’ਚ ਲੋੜ-ਅਧਾਰਿਤ ਤਬਦੀਲੀਆਂ ਲਈ ਵੀ ਜ਼ੋਰ ਦਿੱਤਾ। ਚੱਢਾ ਨੇ ਸਾਰੇ ਬਜ਼ੁਰਗਾਂ ਨੂੰ ਆਪਣੇ ਕੇਸਾਂ ਦੀ ਪੈਰਵਾਈ ਲਈ ਵੀਡੀਓ ਕਾਨਫਰੰਸਿੰਗ ਦੀ ਸਹੂਲਤ ਦੇਣ ਵਾਲੇ ਫੈਸਲੇ ਸਮੇਂ ਸਿਰ ਲੈਣ ਦੀ ਜ਼ੋਰਦਾਰ ਮੰਗ ਕੀਤੀ। ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ ਨੇ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਮਹੱਤਵਪੂਰਨ ਮੰਗਾਂ ਦੀ ਰੂਪ-ਰੇਖਾ ਦਿੱਤੀ ਗਈ। ਖਾਸ ਕਰਕੇ ਵਪਾਰਕ ਜਾਇਦਾਦਾਂ ਨੂੰ ਲੀਜ਼ਹੋਲਡ ਦੀ ਬਜਾਇ ਫਰ੍ਹੀਹੋਲਡ ਐਲਾਨਣ ਦੀ ਤੁਰੰਤ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ਹਿਰ ਵਿੱਚ ਵਪਾਰਕ ਜਾਇਦਾਦਾਂ ਦੀ ਸਰਕਾਰ ਵੱਲੋਂ ਸਾਰੀਆਂ ਮੌਜੂਦਾ ਨਿਲਾਮੀਆਂ ਦੀ ਅਸਫ਼ਲਤਾ ਦਾ ਇੱਕੋ ਇੱਕ ਕਾਰਨ ਲੀਜ਼ਹੋਲਡ ਦੱਸਿਆ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ 1970 ਦੇ ਪੁਰਾਣੇ ਇਮਾਰਤ ਉਪ-ਨਿਯਮਾਂ ਦੀ ਮਾਹਿਰਾਂ ਤੋਂ ਤੁਰੰਤ ਸਮੀਖਿਆ ਕਰਵਾਉਣ ਦੀ ਲੋੜ ਹੈ ਤਾਂ ਜੋ ਜਲਦੀ ਤੋਂ ਜਲਦੀ ਲੋੜ-ਅਧਾਰਿਤ ਤਬਦੀਲੀਆਂ ਨੂੰ ਸੂਚਿਤ ਕੀਤਾ ਜਾ ਸਕੇ। ਉਪ-ਚੇਅਰਮੈਨ ਦਿਵਾਕਰ ਸਹੂਜਾ, ਸਲਾਹਕਾਰ ਵਰਿੰਦਰ ਗੁਪਤਾ ਤੇ ਕਾਰਜਕਾਰੀ ਮੈਂਬਰ ਅਨਿਕ ਜੈਨ ਨੇ ਵੀ ਸਮੱਸਿਆਵਾਂ ਦੱਸੀਆਂ।

