ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਸਖਤਾ ਨਾਲ ਪਾਲਣਾ ਕਰਵਾਉਣ ਲਈ ਦੇਸ਼ ਭਰ ਵਿੱਚ ਵੱਖਰੀ ਪਛਾਣ ਬਣਾ ਚੁੱਕੀ ਹੈ। ਜਿਸ ਵਿੱਚੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰਜ਼ ’ਤੇ ਅੱਜ ਟਰੈਫਿਕ ਪੁਲੀਸ ਨੇ ਪੰਜਾਬ ਦੇ ਐੱਮਐੱਲਏ ਦੀ ਗੱਡੀ ਦਾ ਚਾਲਾਨ ਕਰ ਦਿੱਤਾ। ਇਹ ਚਾਲਾਨ ਪੰਜਾਬ ਸਿਵਲ ਸਕੱਤਰੇਤ ਤੇ ਵਿਧਾਨ ਸਭਾ ਦੇ ਗੇਟ ਦੇ ਬਾਹਰ ਕੀਤਾ ਗਿਆ ਹੈ। ਇਹ ਚਾਲਾਨ ਵਿਧਾਇਕ ਦੇ ਚਾਲਕ ਨੇ ਤੁਰੰਤ ਭੁਗਤਾਨ ਕਰ ਕੇ ਭੁਗਤ ਲਿਆ। ਹਾਲਾਂਕਿ ਇਹ ਗੱਡੀ ਕਿਸ ਵਿਧਾਇਕ ਦੀ ਹੈ, ਉਹ ਪਤਾ ਨਹੀਂ ਲੱਗ ਸਕਿਆ ਪਰ ਕਾਰ ’ਤੇ ਐੱਮਐੱਲਏ ਦਾ ਸਟੀਕਰ ਲੱਗਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਅੱਜ ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਚੱਲ ਰਿਹਾ ਹੈ, ਉੱਥੇ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਸੀ। ਪੰਜਾਬ ਦੇ ਇੱਕ ਵਿਧਾਇਕ ਨੇ ਆਪਣੀ ਕਾਰ ਪੰਜਾਬ ਸਿਵਲ ਸਕੱਤਰੇਤ ਤੇ ਵਿਧਾਨ ਸਭਾ ਦੇ ਬਾਹਰ ਸੜਕ ’ਤੇ ਖੜ੍ਹੀ ਕਰ ਦਿੱਤੀ। ਗੱਡੀ ਕਰ ਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਇਸ ਦੌਰਾਨ ਕੇਂਦਰੀ ਸੁਰੱਖਿਆ ਬੱਲ ਦੇ ਜਵਾਨ ਨੇ ਅਨਾਊਂਸਮੈਂਟ ਵੀ ਕੀਤੀ ਪਰ ਵਿਧਾਇਕ ਨਾ ਪਹੁੰਚੇ। ਕਾਫ਼ੀ ਸਮਾਂ ਵਿਧਾਇਕ ਦੇ ਨਾ ਆਉਣ ਕਰ ਕੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਵਿਧਾਇਕ ਦੀ ਗੱਡੀ ਦਾ ਚਾਲਾਨ ਕਰ ਦਿੱਤਾ।