ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਗਨਰੇਗਾ ਨੂੰ ਖਤਮ ਕਰਕੇ ਗਰੀਬ ਤੇ ਮਜ਼ਦੂਰ ਵਰਗ ਨਾਲ ਧੱਕਾ ਕਰ ਰਹੀ ਹੈ। ਇੱਥੋਂ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਗਊਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਦੇ ਘਰ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੇਂਡੂ ਖੇਤਰ ਦੇ ਮਜ਼ਦੂਰਾਂ ਤੇ ਗਰੀਬ ਵਰਗਾਂ ਲਈ ਮਗਨਰੇਗਾ ਸਕੀਮ ਲਿਆਂਦੀ ਸੀ, ਜਿਸ ਦਾ ਲੋਕ ਨਿਰੰਤਰ ਲਾਭ ਉਠਾ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵੱਲੋਂ ਇਸ ਸਕੀਮ ਨੂੰ ਬੰਦ ਕਰਕੇ ਗਰੀਬਾਂ ਤੇ ਮਜ਼ਦੂਰਾਂ ਨਾਲ ਸ਼ਰੇਆਮ ਧੋਖਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਗਨਰੇਗਾ ਦੀ ਥਾਂ ਲਿਆਂਦੀ ਜਾ ਰਹੀ ਨਵੀਂ ਯੋਜਨਾ ਸੂਬੇ ਦੇ ਗਰੀਬਾਂ, ਮਜ਼ਦੂਰਾਂ, ਔਰਤਾਂ ਅਤੇ ਲੱਖਾਂ ਜੌਬ ਕਾਰਡ ਧਾਰਕ ਪਰਿਵਾਰਾਂ ਤੋਂ ਗਾਰੰਟੀਸ਼ੁਦਾ ਰੁਜ਼ਗਾਰ ਦਾ ਅਧਿਕਾਰ ਖੋਹ ਲਵੇਗੀ ਅਤੇ ਸੂਬਿਆਂ ’ਤੇ ਵੀ ਵਾਧੂ ਵਿੱਤੀ ਬੋਝ ਪਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਗਨਰੇਗਾ ਯੋਜਨਾ ਨੂੰ ਲਗਭਗ ਖਤਮ ਕਰਨ ਦੇ ਰਾਹ ਧੱਕ ਦਿੱਤਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੌਰਾਨ ਗਰੀਬ ਪਰਿਵਾਰਾਂ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਰੁਜ਼ਗਾਰ ਦੀ ਗਾਰੰਟੀ ਲਈ ਮਗਨਰੇਗਾ ਸ਼ੁਰੂ ਕੀਤਾ ਗਿਆ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਵੀ ਇਸ ਸਕੀਮ ਨੂੰ ਬਚਾਉਣ ਲਈ ਗੰਭੀਰ ਨਹੀਂ ਸਗੋਂ ਮਹਿਜ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ ਅਤੇ ਇਸ ਨੂੰ ਬਚਾਉਣ ਲਈ ਦੇਸ਼ ਭਰ ਵਿੱਚ ਜਹਾਦ ਛੇੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਕਾਂਗਰਸ ਮਨਰੇਗਾ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕਰੇਗੀ। ਸ੍ਰੀ ਬਾਜਵਾ ਨੇ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੋਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਦਾ ਮੋਹ ‘ਆਪ’ ਤੋਂ ਭੰਗ ਹੋ ਚੁੱਕਾ ਹੈ। ਇਸੇ ਦੌਰਾਨ ਕਮਲਜੀਤ ਚਾਵਲਾ ਦੀ ਅਗਵਾਈ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਸਨਮਾਨ ਕੀਤਾ। ਇਸ ਮੌਕੇ ਸਰਵੋਤਮ ਰਾਣਾ, ਸੁਸ਼ਾਂਤ ਕੌਸ਼ਿਕ,ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ,ਕੌਂਸਲਰ ਭਾਰਤ ਭੂਸ਼ਨ,ਸੀਮਾ ਧੀਮਾਨ,ਕਮਲੇਸ਼ ਚੁੱਘ, ਯਸ਼ਪਾਲ ਜੱਸੀ,ਹੈਪੀ ਵਰਮਾ, ਰਣਜੀਤ ਸਿੰਘ ਨਗਲੀਆ ਅਤੇ ਸਾਹਿਲ ਗੁਪਤਾ ਵੀ ਮੌਜੂਦ ਸਨ।

