ਹੋਲੇ ਮਹੱਲੇ ਦੇ ਪਹਿਲੇ ਦਿਨ ਸਮਾਗਮਾਂ ਦੀ ਸ਼ੁਰੂਆਤ
ਨਿਰਮਲ ਭੇਖ ਨੇ ਨਗਰ ਕੀਰਤਨ ਸਜਾਇਆ; ਸੰਤ ਪ੍ਰੀਤਮ ਸਿੰਘ ਵੱਲੋਂ ਫੁੱਲਾਂ ਦੀ ਵਰਖਾ
ਹੋਲਾ ਮਹੱਲਾ ਦੇ ਦੂਜੇ ਪੜਾਅ ਦੇ ਆਰੰਭ ਮੌਕੇ ਨਿਰਮਲ ਭੇਖ ਵੱਲੋਂ ਅੱਜ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਚੱਕ ਹੋਲਗੜ੍ਹ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਦੇ ਮੁੱਖ ਪ੍ਰਬੰਧਕ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਦੌਰਾਨ ਸ਼ਮੂਲੀਅਤ ਕੀਤੀ। ਉਨ੍ਹਾਂ ਨਿਰਮਲ ਭੇਖ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਬੈਂਡ ਦੀਆਂ ਧੁਨਾਂ ਨਾਲ ਇਹ ਨਗਰ ਕੀਰਤਨ ਸ਼ਹਿਰ ਦੇ ਅਗੰਮਪੁਰ ਚੌਕ, ਮੇਨ ਰੋਡ, ਬੱਸ ਸਟੈਂਡ, ਰੇਲਵੇ ਸਟੇਸ਼ਨ, ਨਵੀਂ ਅਬਾਦੀ, ਪੰਜ ਪਿਆਰਾ ਪਾਰਕ, ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ, ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੋਇਆ।
ਇਸ ਮੌਕੇ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਅਮਰੀਕ ਸਿੰਘ ਮੰਨਣਹਾਰੇ ਵਾਲੇ, ਸੰਤ ਸੰਤੋਖ ਸਿੰਘ ਪਾਲਦੀ ਵਾਲੇ, ਸੰਤ ਬਿਕਰਮਜੀਤ ਸਿੰਘ ਨੰਗਲ ਵਾਲੇ, ਸੰਤ ਅਮਰਜੀਤ ਸਿੰਘ ਹਰਖੋਵਾਲ ਵਾਲੇ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਵਾਲੇ, ਅਰੁਣਜੀਤ ਸਿੰਘ ਚੱਕ ਹੋਲਗੜ੍ਹ, ਨਿਰੰਜਨ ਸਿੰਘ ਰਾਣਾ ਸਮੇਤ ਨਿਰਮਲ ਦੁਆਬਾ ਮੰਡਲ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

