ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਚੰਡੀਗੜ੍ਹ ਭਾਜਪਾ ਦੇ ਮਹਿਲਾ ਮੋਰਚਾ ਨੇ ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ਵਿੱਚ ਜਸ਼ਨ ਮਨਾਇਆ ਗਿਆ। ਇਸ ਮੌਕੇ ਔਰਤਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆ ਕੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ’ਤੇ ਵਧਾਈ ਦਿੱਤੀ। ਮਹਿਲਾ ਮੋਰਚਾ ਦੀਆਂ ਆਗੂਆਂ ਨੇ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਧਵਨ, ਮੀਤ ਪ੍ਰਧਾਨ ਆਸ਼ਾ ਜਸਵਾਲ ਤੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਲੰਬੀ ਉਡੀਕ ਤੋਂ ਬਾਅਦ ਅੱਜ ਔਰਤਾਂ ਨੂੰ ਰਾਖਵਾਂਕਰਨ ਮਿਲਿਆ ਹੈ। ਇਸ ਨਾਲ ਦੇਸ਼ ਦੀ ਰਾਜਨੀਤੀ ’ਚ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ, ਹਾਲਾਂਕਿ ਹੁਣ ਤੱਕ ਹਰ ਖੇਤਰ ’ਚ ਔਰਤਾਂ ਨੂੰ ਹਮੇਸ਼ਾ ਪਿੱਛੇ ਰੱਖਿਆ ਜਾਂਦਾ ਸੀ। ਰਾਜਨੀਤੀ ’ਚ ਵੀ ਔਰਤਾਂ ਨੂੰ ਅੱਗੇ ਵਧਣਾ ਔਖਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਰਾਜਨੀਤੀ ਵਿੱਚ ਆਉਣ ਨਾਲ ਸਮਾਜ ਨੂੰ ਵੀ ਫ਼ਾਇਦਾ ਹੋਵੇਗਾ। ਔਰਤਾਂ ਹੁਣ ਆਪਣੇ ਬਲ ’ਤੇ ਔਰਤਾਂ ਦੇ ਮੁੱਦੇ ਨੂੰ ਸੰਸਦ ’ਚ ਲਿਜਾ ਸਕਣਗੀਆਂ।