CBSE Portal: CBSE ਦੇ ਵੈਰੀਫਿਕੇਸ਼ਨ ਤੇ ਮੁੜ-ਮੁਲਾਂਕਣ (Re-evaluation) ਪੋਰਟਲ ’ਤੇ ਵਧਿਆ ਟਰੈਫ਼ਿਕ
ਇੱਕੋ ਵੇਲੇ 14 ਹਜ਼ਾਰ ਤੋਂ ਵੱਧ ਯੂਜ਼ਰਸ ਹੋਏ ਸਰਗਰਮ, 28 ਹਜ਼ਾਰ ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਚਲਾਇਆ ਜਾ ਰਿਹਾ ਨੰਬਰਾਂ ਦੀ ਪੜਤਾਲ (Verification) ਅਤੇ ਮੁੜ-ਮੁਲਾਂਕਣ (Re-evaluation) ਪੋਰਟਲ ਇਸ ਵੇਲੇ ਭਾਰੀ ਟਰੈਫ਼ਿਕ ਦਾ ਸਾਹਮਣਾ ਕਰ ਰਿਹਾ ਹੈ। ਬੋਰਡ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ 10 ਵਜੇ ਤੱਕ ਇਸ ਪੋਰਟਲ ’ਤੇ ਲਗਭਗ 14,000 ਵਿਦਿਆਰਥੀ ਇੱਕੋ ਸਮੇਂ ਸਰਗਰਮ (Concurrent Users) ਸਨ, ਜਦੋਂ ਕਿ ਹੁਣ ਤੱਕ 28,000 ਤੋਂ ਵੱਧ ਬਿਨੈ-ਪੱਤਰ ਸਫ਼ਲਤਾਪੂਰਵਕ ਜਮ੍ਹਾਂ ਕੀਤੇ ਜਾ ਚੁੱਕੇ ਹਨ।
ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਦਿਆਰਥੀਆਂ ਵੱਲੋਂ ਮਿਲੇ ਫ਼ੀਡਬੈਕ ਨੂੰ ਗੰਭੀਰਤਾ ਨਾਲ ਲੈਂਦਿਆਂ ਪੋਰਟਲ ਦੇ ਡਿਜੀਟਲ ਢਾਂਚੇ ਨੂੰ ਅਪਗ੍ਰੇਡ ਕੀਤਾ ਗਿਆ ਹੈ ਤਾਂ ਜੋ ਵਰਤੋਂਕਾਰਾਂ ਦੀ ਭਾਰੀ ਗਿਣਤੀ ਕਾਰਨ ਸਿਸਟਮ ਕਰੈਸ਼ ਨਾ ਹੋਵੇ। ਨਵੇਂ ਸੁਧਾਰਾਂ ਤਹਿਤ ਸਿਸਟਮ ਵਿੱਚ ‘ਸੈਸ਼ਨ ਟਾਈਮ ਲਿਮਿਟ’ (Session Time Limit) ਨੂੰ ਵਧਾ ਦਿੱਤਾ ਗਿਆ ਹੈ। ਇਸ ਕਦਮ ਨਾਲ ਹੁਣ ਫਾਰਮ ਭਰਨ ਵੇਲੇ ਵਾਰ-ਵਾਰ ਹੋਣ ਵਾਲੀ ਲੌਗ-ਆਊਟ ਦੀ ਸਮੱਸਿਆ ਖ਼ਤਮ ਹੋ ਗਈ ਹੈ ਅਤੇ ਵਿਦਿਆਰਥੀਆਂ ਦਾ ਅਨੁਭਵ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ।
ਸੀਬੀਐੱਸਈ ਮੁੱਖ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਬੋਰਡ ਦੀਆਂ ਤਕਨੀਕੀ ਟੀਮਾਂ 24 ਘੰਟੇ ਇਸ ਪਲੇਟਫਾਰਮ ਦੀ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਇਸ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਬਣੀ ਰਹੇ। ਨਤੀਜਿਆਂ ਵਿੱਚ ਸੁਧਾਰ ਜਾਂ ਸਪੱਸ਼ਟਤਾ ਦੇ ਚਾਹਵਾਨ ਹਜ਼ਾਰਾਂ ਵਿਦਿਆਰਥੀਆਂ ਲਈ ਇਹ ਪ੍ਰਕਿਰਿਆ ਬੇਹੱਦ ਅਹਿਮ ਹੈ। ਵਿਦਿਅਕ ਮਾਹਰਾਂ ਦਾ ਕਹਿਣਾ ਹੈ ਕਿ ਅਕਾਦਮਿਕ ਕੈਲੰਡਰ ਦੇ ਰੁਝੇਵਿਆਂ ਦਰਮਿਆਨ ਬੋਰਡ ਵੱਲੋਂ ਇੰਨੇ ਵੱਡੇ ਪੱਧਰ ’ਤੇ ਡਿਜੀਟਲ ਟਰੈਫ਼ਿਕ ਨੂੰ ਸਫ਼ਲਤਾਪੂਰਵਕ ਸੰਭਾਲਣਾ ਇੱਕ ਵੱਡੀ ਪ੍ਰਾਪਤੀ ਹੈ।
ਮਾਹਰਾਂ ਮੁਤਾਬਕ ਸੀਬੀਐੱਸਈ ਦੇ ਇਹ ਅਗੇਤੇ ਕਦਮ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਦਰਸਾਉਂਦੇ ਹਨ। ਕਈ ਵਿਸ਼ਿਆਂ ਵਿੱਚ ਮੁੜ-ਮੁਲਾਂਕਣ ਦੀ ਵਧਦੀ ਮੰਗ ਕਾਰਨ ਇਸ ਸਾਲ ਪੋਰਟਲ ਦੀ ਕਾਰਗੁਜ਼ਾਰੀ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਦੂਜੇ ਪਾਸੇ, ਵਿਦਿਆਰਥੀਆਂ ਅਤੇ ਮਾਪਿਆਂ ਨੇ ਵੀ ਬੋਰਡ ਦੇ ਇਸ ਭਰੋਸੇ ਦਾ ਸਵਾਗਤ ਕੀਤਾ ਹੈ ਕਿ ਸਿਸਟਮ ਵਿੱਚ ਕੋਈ ਤਕਨੀਕੀ ਖ਼ਰਾਬੀ (Glitch) ਨਹੀਂ ਆਉਣ ਦਿੱਤੀ ਜਾਵੇਗੀ। ਬੋਰਡ ਨੇ ਦੁਹਰਾਇਆ ਹੈ ਕਿ ਉਹ ਵਿਦਿਆਰਥੀਆਂ ਦੇ ਹਿੱਤਾਂ ਅਤੇ ਅਕਾਦਮਿਕ ਨਿਰਪੱਖਤਾ ਨੂੰ ਮੁੱਖ ਰੱਖਦਿਆਂ ਭਵਿੱਖ ਵਿੱਚ ਵੀ ਆਪਣੇ ਡਿਜੀਟਲ ਪਲੇਟਫਾਰਮਾਂ ਨੂੰ ਅਪਡੇਟ ਕਰਦਾ ਰਹੇਗਾ।

