ਸੀ ਬੀ ਆਈ ਵੱਲੋਂ ‘ਆਪ’ ਆਗੂ ਦੇ ਘਰ ਛਾਪਾ
ਚਾਰ ਘੰਟੇ ਦੀ ਤਲਾਸ਼ੀ ਤੋਂ ਬਾਅਦ ਖ਼ਾਲੀ ਹੱਥ ਪਰਤੀ ਟੀਮ; ਪਰਿਵਾਰ ਵੱਲੋਂ ਜਾਂਚ ਟੀਮ ਨੂੰ ਸਹਿਯੋਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਵੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਸੀ ਬੀ ਆਈ ਵੱਲੋਂ ਦਰਜ ਐੱਫ ਆਈ ਆਰ ਤੋਂ ਬਾਅਦ ਚੱਲ ਰਹੀ ਜਾਂਚ ਤਹਿਤ ਬੀਤੀ ਰਾਤ ਕੇਂਦਰੀ ਜਾਂਚ ਟੀਮ ਨੇ ਮੋਰਿੰਡਾ ਸਦਰ ਥਾਣੇ ਅਧੀਨ ਪੈਂਦੇ ਪਿੰਡ ਬੱਲਾਂ ਵਿੱਚ ‘ਆਪ’ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਵੀਰਦਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ।
ਟੀਮ ਨੇ ਕਰੀਬ ਚਾਰ ਘੰਟਿਆਂ ਤੱਕ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਦੌਰਾਨ ਪ੍ਰੋ. ਵੀਰਦਵਿੰਦਰ ਸਿੰਘ ਘਰ ਨਹੀਂ ਸਨ, ਜਦਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਟੀਮ ਨਾਲ ਪੂਰਾ ਸਹਿਯੋਗ ਕੀਤਾ। ਤਲਾਸ਼ੀ ਦੀ ਕਾਰਵਾਈ ਦੇਰ ਰਾਤ ਕਰੀਬ 12:00 ਵਜੇ ਤੱਕ ਜਾਰੀ ਰਹੀ। ਪਰਿਵਾਰਕ ਸੂਤਰਾਂ ਅਨੁਸਾਰ ਟੀਮ ਨੂੰ ਕੋਈ ਸ਼ੱਕੀ ਦਸਤਾਵੇਜ਼ ਜਾਂ ਹੋਰ ਸਾਮਾਨ ਨਹੀਂ ਮਿਲਿਆ, ਜਿਸ ਮਗਰੋਂ ਟੀਮ ਵਾਪਸ ਚਲੀ ਗਈ।
ਹਾਈ ਕੋਰਟ ਦੇ ਹੁਕਮਾਂ ’ਤੇ ਕਾਰਵਾਈ ਹੋਈ: ਚੰਨੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ‘ਆਪ’ ਵੱਲੋਂ ਕੇਂਦਰੀ ਏਜੰਸੀਆਂ ਦੀ ਕਾਰਵਾਈ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਇਹ ਕਾਰਵਾਈ ਕੇਂਦਰ ਸਰਕਾਰ ਦੀ ਮਰਜ਼ੀ ਨਾਲ ਨਹੀਂ, ਸਗੋਂ ਹਾਈ ਕੋਰਟ ਦੇ ਹੁਕਮਾਂ ਤਹਿਤ ਹੋਈ ਹੈ। ਚੰਨੀ ਨੇ ਦੋਸ਼ ਲਾਇਆ ਕਿ ਈ ਡੀ ਵੱਲੋਂ ਮਾਮਲਾ ਲਿਖੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਰੀਬੀਆਂ ਨੂੰ ਬਚਾਉਣ ਲਈ ਐੱਫ ਆਈ ਆਰ ਦਰਜ ਨਹੀਂ ਕੀਤੀ। ਮੁਹਾਲੀ ਵਿੱਚ ਕਰੀਬ 6,000 ਏਕੜ ਜ਼ਮੀਨ ਐਕੁਆਇਰ ਕਰਨ ਅਤੇ ਗਮਾਡਾ ਦੀਆਂ ਜ਼ਮੀਨਾਂ ਆਪਣੇ ਕਰੀਬੀਆਂ ਨੂੰ ਕਥਿਤ ਤੌਰ ’ਤੇ ਸਸਤੇ ਭਾਅ ਦਿਵਾ ਕੇ ਕਰੋੜਾਂ ਰੁਪਏ ਦਾ ਲਾਭ ਪਹੁੰਚਾਉਣ ਦੇ ਮਾਮਲੇ ਵੀ ਜਾਂਚ ਦੇ ਘੇਰੇ ਵਿੱਚ ਹਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਸਬੰਧੀ ਸਬੰਧਤ ਧਿਰਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ।

