CBI Probe: ਹਾਈ ਕੋਰਟ ਦੇ ਜੱਜ ਨੇ ਸੀ ਬੀ ਆਈ ਜਾਂਚ ਖ਼ਿਲਾਫ਼ ਘੁੰਮਣ ਦੀ ਅਰਜ਼ੀ ਚੀਫ਼ ਜਸਟਿਸ ਕੋਲ ਭੇਜੀ
ਘੁੰਮਣ ਨੇ ਧਾਰਾ 17-ਏ ਦੀ ਉਲੰਘਣਾ ਦਾ ਲਗਾਇਆ ਹੈ ਦੋਸ਼
ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਵੱਲੋਂ ਸੀ ਬੀ ਆਈ ਦੁਆਰਾ ਦਰਜ ਐੱਫ ਆਈ ਆਰ ਵਿੱਚ ਆਪਣੇ ਖ਼ਿਲਾਫ਼ ਹੋ ਰਹੀ ਜਾਂਚ ਰੱਦ ਕਰਨ ਦੀ ਮੰਗ ਕੀਤੇ ਜਾਣ ਦੇ ਇੱਕ ਦਿਨ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਨੇ ਸ਼ੁੱਕਰਵਾਰ ਨੂੰ ਇਹ ਮਾਮਲਾ ਚੀਫ਼ ਜਸਟਿਸ ਅੱਗੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਬੇਦੀ ਨੇ ਕਿਹਾ ਕਿ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ 5 ਅਕਤੂਬਰ ਨੂੰ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਉਹ ਬੈਂਚ ਇਸ ਜਾਂਚ ਦੀ ਨਿਗਰਾਨੀ ਵੀ ਕਰ ਰਿਹਾ ਸੀ। ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ।
ਜਸਟਿਸ ਬੇਦੀ ਨੇ ਕਿਹਾ, "ਇਸ ਲਈ ਇਹੀ ਉਚਿਤ ਹੈ ਕਿ ਇਹ ਅਦਾਲਤ ਇਸ ਮਾਮਲੇ 'ਤੇ ਸੁਣਵਾਈ ਕਰਨ ਤੋਂ ਗੁਰੇਜ਼ ਕਰੇ, ਕਿਉਂਕਿ ਇੱਕ ਡਿਵੀਜ਼ਨ ਬੈਂਚ ਨੇ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ ਅਤੇ ਉਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ, ਜਿੱਥੇ ਮਾਮਲਾ ਵਿਚਾਰ ਅਧੀਨ ਹੈ। ਇਸ ਦੇ ਮੱਦੇਨਜ਼ਰ, ਯੋਗ ਹੁਕਮਾਂ ਲਈ ਇਹ ਮਾਮਲਾ ਚੀਫ਼ ਜਸਟਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇ।"
ਘੁੰਮਣ ਨੇ ਆਪਣੀ ਪਟੀਸ਼ਨ ਵਿੱਚ ਐਕਟ ਦੇ ਨਿਯਮਾਂ ਤਹਿਤ ਲਾਜ਼ਮੀ ਪ੍ਰਵਾਨਗੀ ਮਿਲਣ ਤੱਕ ਸਾਰੀਆਂ ਅਗਲੀਆਂ ਕਾਰਵਾਈਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਕਾਨੂੰਨ ਮੁਤਾਬਕ ਐਕਟ ਦੀ ਧਾਰਾ 17ਏ ਤਹਿਤ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਹੀ ਸੀ ਬੀ ਆਈ ਨੇ 6 ਅਕਤੂਬਰ ਨੂੰ ਸੰਗਰੂਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਤਲਾਸ਼ੀ ਲਈ।
ਉਨ੍ਹਾਂ ਕਿਹਾ, "ਸੀ ਬੀ ਆਈ ਨੇ 5 ਅਕਤੂਬਰ ਨੂੰ ਰਾਤ 11:50 ਵਜੇ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ, ਕਾਨੂੰਨ ਮੁਤਾਬਕ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਹੀ ਤਲਾਸ਼ੀ ਲਈ ਅਤੇ ਕਾਨੂੰਨੀ ਨਿਯਮਾਂ ਦੇ ਉਲਟ ਜਾ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਾਰਵਾਈ ਅੱਗੇ ਵਧਾਈ।"
ਉਨ੍ਹਾਂ ਕਿਹਾ, "5 ਅਕਤੂਬਰ ਨੂੰ ਐੱਫ ਆਈ ਆਰ ਦਰਜ ਕਰਨ ਦੇ 24 ਘੰਟਿਆਂ ਦੇ ਅੰਦਰ-ਅੰਦਰ ਸੀ ਬੀ ਆਈ ਨੇ ਤਲਾਸ਼ੀ ਵਾਰੰਟ ਹਾਸਲ ਕਰ ਲਿਆ ਅਤੇ ਪਟੀਸ਼ਨਰ ਜਾਂ ਉਸਦੇ ਪਰਿਵਾਰ ਦੇ ਕਿਸੇ ਵੀ ਜੀਅ ਦੀ ਗ਼ੈਰ-ਮੌਜੂਦਗੀ ਵਿੱਚ ਘਰ ਦੀ ਤਲਾਸ਼ੀ ਲਈ।"
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅਤੇ ਜ਼ਬਤੀ ਸ਼ੱਕੀ ਸੀ ਕਿਉਂਕਿ ਇਹ ਸਭ ਕਾਨੂੰਨ ਦੀ ਉਲੰਘਣਾ ਕਰਕੇ ਕੀਤਾ ਗਿਆ। ਉਨ੍ਹਾਂ ਕਿਹਾ, "ਪੰਜਾਬ ਸਰਕਾਰ ਨੂੰ ਧਾਰਾ 17ਏ ਤਹਿਤ ਕੋਈ ਤਜਵੀਜ਼ ਨਹੀਂ ਭੇਜੀ ਗਈ ਸੀ ਅਤੇ ਨਾ ਹੀ ਕੋਈ ਮਨਜ਼ੂਰੀ ਮੌਜੂਦ ਹੈ। ਇਨ੍ਹਾਂ ਵਿੱਚੋਂ ਹਰ ਇੱਕ ਕਦਮ ਉਸ ਜਾਂਚ ਦਾ ਹਿੱਸਾ ਹੈ ਜਿਸਨੂੰ ਕਰਨ ਦੀ ਕਾਨੂੰਨ ਸੀ ਬੀ ਆਈ ਨੂੰ ਮਨਾਹੀ ਕਰਦਾ ਹੈ।"
ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਇਸ ਲਈ ਪਟੀਸ਼ਨਰ ਇਹ ਮੰਗ ਕਰ ਰਿਹਾ ਹੈ ਕਿ ਸ਼ੁਰੂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਕਾਨੂੰਨ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸੀ ਬੀ ਆਈ ਲਈ ਐਕਟ ਦੀ ਧਾਰਾ 17ਏ ਤਹਿਤ ਮਿਲੀ ਕਾਨੂੰਨੀ ਸੁਰੱਖਿਆ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਲਾਜ਼ਮੀ ਹੈ।
ਵਕੀਲ ਨੇ ਕਿਹਾ, "ਐਕਟ ਦੀ ਧਾਰਾ 17ਏ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਸੀ ਬੀ ਆਈ ਕਾਨੂੰਨ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਮਨਮਰਜ਼ੀ ਨਾਲ ਕਾਰਵਾਈ ਅੱਗੇ ਨਹੀਂ ਵਧਾ ਸਕਦੀ।"

