CBI ਨੇ ਆਊਟਸੋਰਸ ਭਰਤੀ ਘਪਲੇ ਸਬੰਧੀ ਛਾਪੇ ਮਾਰੇ
ਚੰਡੀਗੜ੍ਹ ਪ੍ਰਸ਼ਾਸਨ ਵਿੱਚ ਆਊਟਸੋਰਸ ’ਤੇ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਅਤੇ ਉਨ੍ਹਾਂ ਨੂੰ ਤਨਖ਼ਾਹਾਂ ਦੇਣ ਵਿੱਚ ਪਾਈਆਂ ਗਈਆਂ ਗੜਬੜੀਆਂ ਸਬੰਧੀ ਅੱਜ ਸੀ ਬੀ ਆਈ ਨੇ ਸ਼ਹਿਰ ਵਿੱਚ 4 ਵੱਖ-ਵੱਖ ਕੰਪਨੀਆਂ ’ਤੇ ਛਾਪੇ ਮਾਰੇ। ਇਨ੍ਹਾਂ ਕੰਪਨੀਆਂ ਰਾਹੀਂ ਪ੍ਰਸ਼ਾਸਨ ਵੱਲੋਂ ਆਊਟਸੋਰਸ ’ਤੇ...
ਚੰਡੀਗੜ੍ਹ ਪ੍ਰਸ਼ਾਸਨ ਵਿੱਚ ਆਊਟਸੋਰਸ ’ਤੇ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਅਤੇ ਉਨ੍ਹਾਂ ਨੂੰ ਤਨਖ਼ਾਹਾਂ ਦੇਣ ਵਿੱਚ ਪਾਈਆਂ ਗਈਆਂ ਗੜਬੜੀਆਂ ਸਬੰਧੀ ਅੱਜ ਸੀ ਬੀ ਆਈ ਨੇ ਸ਼ਹਿਰ ਵਿੱਚ 4 ਵੱਖ-ਵੱਖ ਕੰਪਨੀਆਂ ’ਤੇ ਛਾਪੇ ਮਾਰੇ। ਇਨ੍ਹਾਂ ਕੰਪਨੀਆਂ ਰਾਹੀਂ ਪ੍ਰਸ਼ਾਸਨ ਵੱਲੋਂ ਆਊਟਸੋਰਸ ’ਤੇ ਭਰਤੀ ਕੀਤੀ ਜਾਂਦੀ ਹੈ। ਇਸ ਦੌਰਾਨ ਸੀ ਬੀ ਆਈ ਨੇ ਇਨ੍ਹਾਂ ਕੰਪਨੀਆਂ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ ਬੀ ਆਈ ਵੱਲੋਂ ਕੰਪਨੀ ਰਾਹੀਂ ਆਊਟਸੋਰਸ ’ਤੇ ਭਰਤੀ ਕੀਤੇ ਸਾਰੇ ਮੁਲਾਜ਼ਮਾਂ ਦਾ ਪਿਛਲਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਯੂਨੀਅਨ ਨੇ ਸੀ ਬੀ ਆਈ ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਯੂ ਟੀ ਪ੍ਰਸ਼ਾਸਨ ਵਿੱਚ ਆਊਟਸੋਰਸ ’ਤੇ ਭਰਤੀਆਂ ਕਰਨ ਲਈ ਇਕ ਵਿਅਕਤੀ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਹੀ ਵਾਰ-ਵਾਰ ਠੇਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਆਊਟਸੋਰਸ ’ਤੇ ਭਰਤੀਆਂ ਕਰਨ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਵਿੱਚ ਵਧੇਰੇ ਗੜਬੜੀਆਂ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਵਿਜੀਲੈਂਸ ਕੋਲ ਵੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਸੀ ਹੋਈ। ਹੁਣ ਸੀ ਬੀ ਆਈ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਹੈ। ਇਹ ਤਹਿਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਕੰਪਨੀਆਂ ਨੂੰ ਟੈਂਡਰ ਦੇਣ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਭਰਤੀ ਕੀਤੇ ਮੁਲਾਜ਼ਮਾਂ ਦਾ ਸਾਰਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚਾਰ ਕੰਪਨੀਆਂ ਰਾਹੀਂ ਹੀ ਯੂ ਟੀ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਆਊਟਸੋਰਸ ’ਤੇ ਭਰਤੀ ਕੀਤੀ ਗਈ ਹੈ।

