ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 25 ਜਨਵਰੀ
ਇੱਥੋਂ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ ਅਤੇ ਸਮਰਥਕਾਂ ਉੱਤੇ ਹਮਲਾ ਕਰਨ ਦੇ ਮਾਮਲੇ ਸਬੰਧੀ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਵਾਸੀ ਬੱਲੋਮਾਜਰਾ, ਅਕਾਲੀ ਆਗੂ ਜਗਤਾਰ ਸਿੰਘ ਬਿੱਲਾ ਵਾਸੀ ਪਿੰਡ ਛੱਜੂਮਾਜਰਾ, ਹਰਪ੍ਰੀਤ ਸਿੰਘ ਹੈਪੀ ਵਾਸੀ ਬੱਲੋਮਾਜਰਾ ਅਤੇ ਬਲਜਿੰਦਰ ਸਿੰਘ ਗੋਲੂ ਵਾਸੀ ਪਿੰਡ ਸਹੇੜੀ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਕਾਰਵਾਈ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਦੀ ਸ਼ਿਕਾਇਤ ’ਤੇ ਕੀਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸ਼ਿਕਾਇਤਕਰਤਾ ਪਰਵਿੰਦਰ ਸਿੰਘ ਸੋਹਾਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਐਤਵਾਰ ਨੂੰ ਉਹ ਇੱਥੋਂ ਦੇ ਸੈਕਟਰ-79 ਸਥਿਤ ਆਜ਼ਾਦ ਗਰੁੱਪ ਵਿੱਚ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਮਿਲਣ ਆਏ ਸੀ। ਇਸ ਦੌਰਾਨ ਛਿੰਦੀ ਨੰਗੀ ਤਲਵਾਰ, ਜਗਤਾਰ ਸਿੰਘ, ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਡੰਡੇ ਅਤੇ ਤਲਵਾਰਾਂ ਲੈ ਕੇ ਲਲਕਾਰੇ ਮਾਰਦੇ ਹੋਏ ਉੱਥੇ ਆ ਗਏ ਅਤੇ ਉਨ੍ਹਾਂ ਦੇ ਗਲ ਪੈ ਗਏ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਹਾਲੀ ਟਰੱਕ ਯੂਨੀਅਨ ਦੀ ਚੋਣ ਸਮੇਂ ਉਨ੍ਹਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਯੂਥ ਆਗੂ ਛਿੰਦੀ ਚੋਣ ਹਾਰ ਗਿਆ ਸੀ। ਉਸ ਦਿਨ ਤੋਂ ਉਹ (ਛਿੰਦੀ) ਉਨ੍ਹਾਂ ਨਾਲ ਖਾਰ ਖਾਂਦੇ ਆ ਰਹੇ ਹਨ।
ਪਰਵਿੰਦਰ ਸੋਹਾਣਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੇ ਸਿਰ ਤੋਂ ਦਸਤਾਰ ਲਾਹ ਕੇ ਕੇਸਾਂ ਦੀ ਬੇਅਦਬੀ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸਐੱਸਪੀ ਤੋਂ ਮੰਗ ਕੀਤੀ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਦਫ਼ਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮਾਰੇ ਜਾ ਰਹੇ ਨੇ ਛਾਪੇ: ਥਾਣਾ ਮੁਖੀ
ਸੋਹਾਣਾ ਥਾਣਾ ਦੇ ਐੱਸਐੱਚਓ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੁਖਵਿੰਦਰ ਛਿੰਦੀ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।