ਮੁਕੇਸ਼ ਕੁਮਾਰ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਦੇ ਸਨਅਤੀ ਖੇਤਰ ਫੇਜ਼-1 ਸਥਿਤ ਕਾਰਾਂ ਦੀ ਇੱਕ ਵਰਕਸ਼ਾਪ ਵਿੱਚ ਅੱਗ ਲੱਗ ਗਈ। ਇਥੇ ਪਲਾਟ ਨੰਬਰ 177 ਵਿੱਚ ਸਥਿਤ ਪਾਇਓਨੀਰ ਟੋਯੋਟਾ ਦੀ ਵਰਕਸ਼ਾਪ ਵਿੱਚ ਸਰਵਿਸ ਲਈ ਆਈਆਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਅੱਜ ਦੇਰ ਸ਼ਾਮ ਲਗਪਗ 7 ਵਜੇ ਵਰਕਸ਼ਾਪ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਵਰਕਸ਼ਾਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਅੱਗ ਤੇਜ਼ੀ ਨਾਲ ਫੈਲਣ ਕਾਰਨ ਵਰਕਸ਼ਾਪ ਵਿੱਚ ਮੁਰੰਮਤ ਲਈ ਆਈਆਂ ਕਰੀਬ ਅੱਧਾ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ। ਅੱਗ ਲੱਗਣ ਦੀ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਫਾਇਰ ਵਿਭਾਗ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਇਸ ਬਾਰੇ ਅੱਗ ਬੁਝਾਉਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗਾ। ਅੱਗ ਲੱਗਣ ਨਾਲ ਵਰਕਸ਼ਾਪ ਦੇ ਸਾਹਮਣੇ ਵਾਲੀ ਸੜਕ ਤੇ ਵਾਹਨਾਂ ਦਾ ਜਾਮ ਲੱਗ ਗਿਆ ਅਤੇ ਅੱਗ ਨਾਲ ਦੂਰ ਦੂਰ ਤਕ ਧੂੰਆਂ ਫੈਲ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਬੁਝਾਉਣ ਦੇ ਯਤਨ ਜਾਰੀ ਸਨ।