ਬਕਾਇਆ ਮਾਮਲੇ ਨਿਬੇੜਨ ਲਈ ਕੈਂਪ
ਆਮ ਜਨਤਾ, ਪ੍ਰਮੋਟਰਾਂ ਅਤੇ ਡਿਵੈਲਪਰਾਂ ਆਦਿ ਦੇ ਬਕਾਇਆ ਕੇਸਾਂ ਦੇ ਨਿਬੇੜੇ ਲਈ ਗਮਾਡਾ ਵੱਲੋਂ ਮੁਹਾਲੀ ਦੇ ਪੁੱਡਾ ਭਵਨ ਵਿੱਚ ਲਗਾਏ ਜਾ ਰਹੇ ਦੋ ਰੋਜ਼ਾ ਕੈਂਪ ਦੇ ਪਹਿਲੇ ਦਿਨ ਕੁੱਲ 864 ਕੇਸਾਂ ਦਾ ਨਿਬੇੜਾ ਕੀਤਾ ਗਿਆ। ਇਹ ਕੈਂਪ ਭਲਕੇ ਵੀ ਜਾਰੀ ਰਹੇਗਾ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਅਤੇ ਵਰਗ ਦੀ ਭਲਾਈ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ ਵੱਲੋਂ ਆਮ ਜਨਤਾ, ਡਿਵੈਲਪਰਾਂ, ਪ੍ਰਮੋਟਰਾਂ ਆਦਿ ਦੇ ਕੇਸਾਂ ਦੇ ਨਿਬੇੜੇ ਲਈ ਦੋ ਰੋਜ਼ਾ ਕੈਂਪ ਲਾਇਆ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੈਂਪ ਦੌਰਾਨ ਨਿਬੇੜੇ ਕੁੱਲ 864 ਕੇਸਾਂ ਵਿੱਚ ਸਿਟੀਜ਼ਨ ਸਰਵਿਸਿਜ਼ ਦੇ 618 ਕੇਸ, ਲੈਟਰ ਆਫ ਇੰਟੈਂਟ ਦੇ ਚਾਰ, ਪ੍ਰਮੋਟਰ ਲਾਇਸੈਂਸ ਰਿਨਿਊਵਲ ਦੇ ਦੋ, ਜ਼ੋਨਿੰਗ ਪਲਾਨ ਦੇ ਦੋ, ਪ੍ਰਾਜੈਕਟ ਲਾਇਸੈਂਸ/ਲੇਅ-ਆਊਟ ਪਲਾਟ ਦੇ ਤਿੰਨ, ਆਰਕੀਟੈਕਚਰਲ ਕੰਟਰੋਲ ਦੇ ਦੋ, ਅਸਟੇਟ ਏਜੰਟ ਸਰਟੀਫਿਕੇਟ ਦੇ ਅੱਠ, ਪ੍ਰਮੋਟਰ ਲਾਇਸੈਂਸ ਦੇ ਸੱਤ, ਬਿਲਡਿੰਗ ਪਲਾਨ ਦੇ 92, ਡਿਮਾਰਕੇਸ਼ਨ ਸਰਟੀਫੀਕੇਟ ਦੇ 11, ਡੀ ਪੀ ਸੀ ਦੇ 30, ਕੰਪਲੀਸ਼ਨ ਸਰਟੀਫਿਕੇਟ ਦੇ 84 ਅਤੇ ਕਨਵੇਅੰਸ ਡੀਡ ਦਾ ਇੱਕ ਕੇਸ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ। ਕੈਂਪ ਦੀ ਕਾਰਵਾਈ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਵੱਲੋਂ ਸਬੰਧਤ ਵਿਅਕਤੀਆਂ ਅਤੇ ਕੰਪਨੀਆਂ ਨੂੰ ਬਿਲਡਿੰਗ ਪਲਾਨ, ਲੇਅ-ਆਊਟ ਪਲਾਨ, ਐੱਲ ਓ ਆਈ, ਅਸਟੇਟ ਏਜੰਟ ਅਤੇ ਪ੍ਰਮੋਟਰ ਰਜਿਸ਼ਟ੍ਰੇਸ਼ਨ ਦੇ ਸਰਟੀਕਿਫਕੇਟ ਸੌਂਪੇ ਗਏ।
