ਮੈਨੂੰ ਬਲੈਕਮੇਲਰ ਦੱਸਣਾ ਬੇਬੁਨਿਆਦ: ਪੰਜਾਬੀ ਗਾਇਕ ’ਤੇ ਜਬਰ-ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਬਲੌਗਰ ਨੇ ਦਿੱਤੀ ਸਫ਼ਾਈ
20 ਲੱਖ ਰੁਪਏ ਲੈਣ ਅਤੇ 5 ਕੇਸ ਦਰਜ ਕਰਵਾਉਣ ਦੀਆਂ ਅਫ਼ਵਾਹਾਂ ਨੂੰ ਨਕਾਰਿਆ
ਮੁਹਾਲੀ ਵਿੱਚ ਪੰਜਾਬੀ ਗਾਇਕ ਗੁਰਵਿੰਦਰ ਸਿੰਘ ਉਰਫ਼ ਗੁਰੀ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਉਣ ਵਾਲੀ ਮਹਿਲਾ ਬਲੌਗਰ ਅਤੇ ਬਿਜ਼ਨਸ ਵੂਮੈਨ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੇ ਖ਼ਿਲਾਫ਼ ਚੱਲ ਰਹੇ ਦੋਸ਼ਾਂ ਅਤੇ ਵਾਇਰਲ ਵੀਡੀਓਜ਼ ਨੂੰ ਲੈ ਕੇ ਸਫ਼ਾਈ ਦਿੱਤੀ ਹੈ।ਬਲੌਗਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਬਲੈਕਮੇਲਰ ਦੱਸ ਕੇ 20 ਲੱਖ ਰੁਪਏ ਲੈਣ, 5 ਜਬਰ-ਜਨਾਹ ਦੇ ਕੇਸ ਦਰਜ ਕਰਵਾਉਣ, 5 ਵਿਆਹ ਕਰਵਾਉਣ ਅਤੇ 5 ਕਰੋੜ ਰੁਪਏ ਲੈਣ ਵਰਗੀਆਂ ਅਫ਼ਵਾਹਾਂ ਪੂਰੀ ਤਰ੍ਹਾਂ ਨਾਲ ਝੂਠੀਆਂ ਅਤੇ ਬੇਬੁਨਿਆਦ ਹਨ।
ਬਲੌਗਰ ਅਨੁਸਾਰ, ਉਸ ਦੇ ਬਿਜ਼ਨਸ ਨੰਬਰ ’ਤੇ ਅਸ਼ਲੀਲ ਮੈਸੇਜ ਤੇ ਕਾਲਾਂ ਆ ਰਹੀਆਂ ਹਨ ਅਤੇ ਇੰਸਟਾਗ੍ਰਾਮ ’ਤੇ ਵੀ ਗਲਤ ਕਮੈਂਟ ਕੀਤੇ ਜਾ ਰਹੇ ਹਨ। 2019 ਦੇ ਇੱਕ ਮਾਮਲੇ, ਸੱਟਾਂ ਅਤੇ ਦੋ ਦਿਨਾਂ ਤੱਕ ਬੰਧਕ ਬਣਾਏ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਇਹਨਾਂ ਝੂਠੀਆਂ ਗੱਲਾਂ ਦਾ ਉਸ ਦੀ ਨਿੱਜੀ ਜ਼ਿੰਦਗੀ ਅਤੇ ਕਾਰੋਬਾਰ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਗਾਇਕ ਗੁਰੀ ਖ਼ਿਲਾਫ਼ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਜਬਰ-ਜਨਾਹ ਦਾ ਮਾਮਲਾ ਦਰਜ ਹੋਇਆ ਸੀ। ਇਸ ਕੇਸ ਵਿੱਚ ਪੁਲੀਸ ਵੱਲੋਂ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ (ਕੇਸ ਬੰਦ ਕਰਨ ਦੀ ਰਿਪੋਰਟ) ਤੋਂ ਪੀੜਤਾ ਸੰਤੁਸ਼ਟ ਨਹੀਂ ਸੀ, ਜਿਸ ਕਾਰਨ ਇਹ ਮਾਮਲਾ ਅਦਾਲਤ ਵਿੱਚ ਕਾਫ਼ੀ ਚਰਚਾ ਵਿੱਚ ਰਿਹਾ। ਦੱਸਣਯੋਗ ਹੈ ਕਿ ਇਸੇ ਵਿਅਕਤੀ ’ਤੇ ਪਹਿਲਾਂ ਹਥਿਆਰਾਂ (ਗੰਨ ਕਲਚਰ) ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਵੀ ਦਰਜ ਹੋਇਆ ਸੀ।

