ਬਸਪਾ ਨੂੰ ਮਜ਼ਬੂਤ ਕਰਨ ਦਾ ਸੱਦਾ
ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਡੇਰਾਬੱਸੀ ਦੀ ਮੀਟਿੰਗ ਇੱਥੇ ਮਾਸਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਸ੍ਰੀ ਛੜਬੜ ਨੇ ਕਿਹਾ ਕਿ ਬਸਪਾ ਵਲੋਂ ਚਲਾਈ ਗਈ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਪਿੰਡਾਂ, ਮੁਹੱਲਿਆਂ ਅਤੇ ਬੂਥਾਂ ਤੱਕ ਮਜ਼ਬੂਤੀ ਨਾਲ ਲਿਜਾਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਅੰਦਰ ਦੋ ਧਿਰਾਂ ਵਿਚ ਸਿੱਧੀ ਲੜਾਈ ਹੋਵੇਗੀ। ਇਕ ਪਾਸੇ ਪੰਜਾਬ ਨੂੰ ਉਜਾੜਨ ਵਾਲੇ ਤੇ ਦੂਜੇ ਪਾਸੇ ਪੰਜਾਬ ਨੂੰ ਸੰਭਾਲਣ ਵਾਲੇ ਹੋਣਗੇ। ਬਸਪਾ ਪੰਜਾਬ ਸੰਭਾਲਣ ਵਾਲੀ ਧਿਰ ਦੀ ਅਗਵਾਈ ਕਰੇਗੀ। ਮੀਟਿੰਗ ਦੌਰਾਨ ਬਸਪਾ ਵੱਲੋਂ ਨਸ਼ਾ ਮੁਕਤ ਪੰਜਾਬ, ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਸਿੱਖਿਆ ਤੇ ਸਿਹਤ ਪ੍ਰਣਾਲੀ ਦੇ ਸੁਧਾਰ, ਸੂਬੇ ਨੂੰ ਕਰਜ਼ਾ ਮੁਕਤ ਕਰਨ ਅਤੇ ਕਿਸਾਨ-ਕਿਰਤੀਆਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣ ਵਰਗੇ ਮੁੱਦੇ ਉੱਥੇ ਰੱਖੇ। ਮੀਟਿੰਗ ਵਿੱਚ ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਸੁਰਿੰਦਰ ਸਿੰਘ, ਹਨੀ ਸਿੰਘ ਲਾਲੜੂ, ਮਾਸਟਰ ਜਗਦੀਸ਼ ਸਿੰਘ, ਜਸਵਿੰਦਰ ਸਿੰਘ ਰਾਣੀਮਾਜਰਾ, ਪਲਵਿੰਦਰ ਸਿੰਘ ਬੜਾਣਾ, ਕੁਲਵੰਤ ਸਿੰਘ ਲਾਲੜੂ, ਠੇਕੇਦਾਰ ਰਾਜ ਕੁਮਾਰ ਤੇ ਸ਼ਿਵ ਕੁਮਾਰ ਨਗਰਾ ਹਾਜ਼ਰ ਸਨ।
