ਕੈਬਨਿਟ ਫੇਰਬਦਲ: ਸੰਜੀਵ ਅਰੋੜਾ ਨੂੰ ਇੱਕ ਹੋਰ ਵਿਭਾਗ ਮਿਲਿਆ
ਡਾ. ਰਵੀਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਪਰਵਾਸੀ ਭਾਰਤੀ ਮਾਮਲੇ ਵਿਭਾਗ ਸੌਂਪਿਆ
ਪੰਜਾਬ ਸਰਕਾਰ ਨੇ ਅੱਜ ਨਵੇਂ ਸਾਲ ’ਚ ਕੈਬਨਿਟ ਵਜ਼ੀਰਾਂ ਦੇ ਵਿਭਾਗਾਂ ’ਚ ਪਹਿਲਾਂ ਤੇ ਮਾਮੂਲੀ ਫੇਰਬਦਲ ਕੀਤਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਭਾਗੀ ਫੇਰਬਦਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਸਥਾਨਕ ਸਰਕਾਰਾਂ ਵਿਭਾਗ ਵੀ ਸੌਂਪ ਦਿੱਤਾ ਹੈ ਜਦੋਂ ਕਿ ਡਾ. ਰਵੀਜੋਤ ਹਵਾਲੇ ਹੁਣ ਪਰਵਾਸੀ ਭਾਰਤੀ ਮਾਮਲੇ ਵਿਭਾਗ ਕੀਤਾ ਗਿਆ ਹੈ। ਡਾ. ਰਵੀਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਪਹਿਲਾਂ ਊਰਜਾ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਵੀ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਭਾਗੀ ਫੇਰਬਦਲ ਨੂੰ ਹਰੀ ਝੰਡੀ ਦੇ ਦਿੱਤੀ ਸੀ। ਚੇਤੇ ਰਹੇ ਕਿ ਸੰਜੀਵ ਅਰੋੜਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਜੇਤੂ ਰਹਿਣ ਮਗਰੋਂ ਸੰਜੀਵ ਅਰੋੜਾ ਨੇ 28 ਜੂਨ 2025 ਨੂੰ ਬਤੌਰ ਵਿਧਾਇਕ ਸਹੁੰ ਚੁੱਕੀ ਅਤੇ 3 ਜੁਲਾਈ 2025 ਨੂੰ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਪੰਜਾਬ ਸਰਕਾਰ ਨੇ 18 ਅਗਸਤ 2025 ਨੂੰ ਵਿਭਾਗੀ ਫੇਰਬਦਲ ਦੌਰਾਨ ਸੰਜੀਵ ਅਰੋੜਾ ਨੂੰ ਊਰਜਾ ਮੰਤਰਾਲਾ ਵੀ ਸੌਂਪ ਦਿੱਤਾ ਸੀ ਜੋ ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਸੀ। ਪੰਜਾਬ ਸਰਕਾਰ ਤਰਫ਼ੋਂ ਸੰਜੀਵ ਅਰੋੜਾ ਦੇ ਹੱਥ ਕਾਫ਼ੀ ਮਜ਼ਬੂਤ ਕੀਤੇ ਜਾ ਰਹੇ ਹਨ। ਚਰਚੇ ਹਨ ਕਿ ਆਉਂਦੇ ਦਿਨਾਂ ’ਚ ਅਰੋੜਾ ਨੂੰ ਇੱਕ ਹੋਰ ਮਹਿਕਮਾ ਵੀ ਸੌਂਪਿਆ ਜਾ ਸਕਦਾ ਹੈ।

