Building Collapse: ਸੀ ਐੱਫ ਐੱਸ ਐੱਲ ਵੱਲੋਂ ਇਮਾਰਤ ਡਿੱਗਣ ਦੀ ਜਾਂਚ ਸ਼ੁਰੂ
ਟੀਮ ਨੇ ਘਟਨਾ ਸਥਾਨ ’ਤੇ ਸੈੈਂਪਲ ਲਏ; ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀਆਂ
ਇੱਥੋਂ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਬੀਤੇ ਦਿਨ ਦੋ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਡਿੱਗ ਗਈ ਸੀ। ਇਮਾਰਤ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਸੀ, ਜਦੋਂ ਕਿ ਐੱਨ ਡੀ ਆਰ ਐੱਫ ਦੀ ਟੀਮ ਵੱਲੋਂ 5 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਮ੍ਰਿਤਕਾਂ ਦੀ ਪਛਾਣ ਤਰੁਣ ਜੈਨ (48) ਵਾਸੀ ਮੇਰਠ (ਉੱਤਰ ਪ੍ਰਦੇਸ਼) ਅਤੇ ਤਰੁਣ ਕੌਸ਼ਿਕ (45) ਵਾਸੀ ਸੋਲਨ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜਦੋਂ ਕਿ ਸਹੀ ਸਲਾਮਤ ਬਾਹਰ ਕੱਢੇ ਗਏ ਵਿਅਕਤੀਆਂ ਵਿੱਚ ਕੁਲਦੀਪ ਸਿੰਘ, ਕੁਲਬੀਰ ਸਿੰਘ, ਉਮੇਸ਼, ਰਾਹੁਲ ਅਤੇ ਅਜੀਤੇਸ਼ ਸ਼ਾਮਲ ਹਨ। ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ।
ਅੱਜ ਸੀ ਐੱਫ ਐੱਸ ਐੱਲ ਦੀ ਟੀਮ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਟੀਮ ਨੇ ਇਮਾਰਤ ਦੇ ਵੱਖ-ਵੱਖ ਸੈਂਪਲ ਲਏ ਅਤੇ ਉਸ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ। ਜਦੋਂਕਿ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਦੀ ਟੀਮ ਵੱਲੋਂ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਵੀ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਤਰੁਣ ਜੈਨ ਅਤੇ ਤਰੁਣ ਕੌਸ਼ਿਕ ਵੱਲੋਂ ਸਾਂਝੇ ਤੌਰ ’ਤੇ ਕੰਮ ਕਰਨ ਲਈ ਇਹ ਇਮਾਰਤ 15 ਦਿਨ ਪਹਿਲਾਂ ਹੀ ਕਿਰਾਏ ’ਤੇ ਲਈ ਸੀ, ਜਿਸ ਦੀ ਹਾਲੇ ਮੁਰੰਮਤ ਕਰਵਾਈ ਜਾ ਰਹੀ ਸੀ। ਮੁਰੰਮਤ ਦੌਰਾਨ ਇਮਾਰਤ ਦੀ ਛੱਤ ’ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਇਮਾਰਤ 50 ਸਾਲ ਪੁਰਾਣੀ ਹੋਣ ਕਰ ਕੇ ਕਮਜ਼ੋਰ ਹੋ ਗਈ ਸੀ। ਇਸੇ ਕਰਕੇ ਮੀਂਹ ਪੈਣ ਤੋਂ ਬਾਅਦ ਅਚਾਨਕ ਡਿੱਗ ਗਈ।
ਪ੍ਰਸ਼ਾਸਨ ਵੱਲੋਂ ਖ਼ਸਤਾ ਹਾਲ ਇਮਾਰਤਾਂ ਦੀ ਘੋਖ ਸ਼ੁਰੂ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਘਟਨਾ ਤੋਂ ਬਾਅਦ ਯੂ ਟੀ ਪ੍ਰਸ਼ਾਸਨ ਵੀ ਸ਼ਹਿਰ ਵਿੱਚ ਮੁਸਤੈਦ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਖਸਤਾ ਹਾਲ ਇਮਾਰਤਾਂ ਦੀ ਘੋਖ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਯੂਟੀ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਸ਼ਹਿਰ ਦੀਆਂ ਅਣਸੁਰੱਖਿਅਤ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਪਰ ਮੌਨਸੂਨ ਸੀਜਨ ਦੇ ਮੁੱਦੇਨਜ਼ਰ ਮੁੜ ਤੋਂ ਰਿਪੋਰਟ ਤਿਆਰ ਕੀਤੀ ਜਾਵੇਗੀ।
