BSP Protest: ਰਾਖਵਾਂਕਰਨ ਖ਼ਤਮ ਕਰਨ ਵਿਰੁੱਧ ਬਸਪਾ ਵੱਲੋਂ ਮੁਜ਼ਾਹਰਾ
ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਭਰਤੀ ਲਈ ਐਲਾਨੀਆਂ ਅਸਾਮੀਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਲਈ ਰਾਖਵਾਂਕਰਨ ਨਾ ਰੱਖੇ ਜਾਣ ਜਾਣ ਦੇ ਵਿਰੋਧ ਵਿੱਚ ਅੱਜ ਬਸਪਾ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ...
ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਭਰਤੀ ਲਈ ਐਲਾਨੀਆਂ ਅਸਾਮੀਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਲਈ ਰਾਖਵਾਂਕਰਨ ਨਾ ਰੱਖੇ ਜਾਣ ਜਾਣ ਦੇ ਵਿਰੋਧ ਵਿੱਚ ਅੱਜ ਬਸਪਾ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦੇਣ ਲਈ ਧਰਨੇ ਵਿੱਚ ਪਹੁੰਚੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸੌਂਪਿਆ।
ਬਸਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਕੀਤੇ ਮੁਜ਼ਾਹਰੇ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਬਸਪਾ ਮੁਹਾਲੀ ਹਰਕਾ ਦਾਸ ਧਾਲੀਵਾਲ ਨੇ ਕੀਤੀ ਗਈ। ਇਸ ਮੌਕੇ ਬਸਪਾ ਦੇ ਜਨਰਲ ਸਕੱਤਰ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਅਤੇ ਜਗਜੀਤ ਸਿੰਘ ਛੜਬੜ ਨੇ ਸ਼ਿਰਕਤ ਕਰਦਿਆਂ ਮੰਗ ਕੀਤੀ ਕਿ ਇਹ ਭਰਤੀ ਰੋਕ ਕੇ ਰਾਖਵਾਂਕਰਨ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਨੌਕਰੀਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਸੰਵਿਧਾਨਕ ਤੌਰ ’ਤੇ ਇਹ ਹੱਕ ਪ੍ਰਦਾਨ ਕੀਤਾ ਹੋਇਆ ਹੈ ਇਸ ਅਨੁਸਾਰ ਰੋਸਟਰ ਪੁਆਇੰਟਾਂ ਦੀ ਮੁੜ ਗਣਨਾ ਕੀਤੀ ਜਾਵੇ। ਜੇ ਤੁਰੰਤ ਰਾਖਵਾਂਕਰਨ ਸਬੰਧੀ ਦੁਬਾਰਾ ਇਸ਼ਤਿਹਾਰ ਜਾਰੀ ਨਾ ਕੀਤਾ ਗਿਆ ਤਾਂ ਬਸਪਾ ਸੂਬੇ ਵਿੱਚ ਜ਼ੋਰਦਾਰ ਅੰਦੋਲਨ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਉਜਾਗਰ ਸਿੰਘ ਦੁਭਾਲੀ, ਮਾਸਟਰ ਨਛੱਤਰ ਸਿੰਘ, ਸੁੱਚਾ ਸਿੰਘ ਸਨੇਟਾ, ਬੇਗ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਰਡਿਆਲਾ, ਕੁਲਦੀਪ ਸਿੰਘ ਘੜੂੰਆਂ, ਪ੍ਰਕਾਸ਼ ਸਿੰਘ, ਰਵਿੰਦਰ ਸਿੰਘ ਸਾਗਰ, ਗੁਰਪ੍ਰੀਤ ਸਿੰਘ ਬੜੀ, ਲਕਸ਼ਮਣ ਵਰਮਾ ਆਦਿ ਹਾਜ਼ਰ ਸਨ।
