DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Breaking: Nihang Singh Hemkund Sahib Protest: ਨਿਹੰਗ ਸਿੰਘਾਂ ਅਤੇ ਪੁਲੀਸ ਦਰਮਿਆਨ ਟਕਰਾਅ

ਉੱਤਰਾਖੰਡ ਬਾਰਡਰ ’ਤੇ ਬੈਰੀਕੇਡ ਤੋੜ ਕੇ ਅੱਗੇ ਵਧੇ ਨਿਹੰਗ ਸਿੰਘ; ਵੱਡੀ ਗਿਣਤੀ ਪੁਲੀਸ ਤਾਇਨਾਤ; ਚਾਰ ਨਿਹੰਗਾਂ ਦੀ ਰਿਹਾਈ ਦੀ ਮੰਗ ’ਤੇ ਅੜੇ

  • fb
  • twitter
  • whatsapp
  • whatsapp
featured-img featured-img
ਉਤਰਾਖੰਡ ਸਰਹੱਦ ’ਤੇ ਇਕੱਠੇ ਹੋਏ ਨਿਹੰਗ ਸਿੰਘ।
Advertisement

Nihang Singhs Break Barricades: ਹਿਮਾਚਲ ਪ੍ਰਦੇਸ਼-ਉੱਤਰਾਖੰਡ ਬਾਰਡਰ ’ਤੇ ਵੀਰਵਾਰ ਦੇਰ ਰਾਤ ਵੇਲੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਨਿਹੰਗ ਸਿੰਘਾਂ ਦੇ ਇੱਕ ਵੱਡੇ ਜਥੇ ਨੇ ਵਿਕਾਸਨਗਰ ਖੇਤਰ ਦੇ ਕੁਲਹਾਲ ਚੈੱਕ ਪੋਸਟ ’ਤੇ ਪੁਲੀਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ ਅਤੇ ਹੇਮਕੁੰਟ ਸਾਹਿਬ ਵੱਲ ਕੂਚ ਕਰ ਦਿੱਤਾ।

ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਨੂੰ ਰੋਕਣ ਲਈ ਉਤਰਾਖੰਡ ਦੇ ਬਾਰਡਰ ’ਤੇ ਘੇਰਾਬੰਦੀ ਕੀਤੀ ਹੋਈ ਸੀ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਕੁਲਹਾਲ-ਵਿਕਾਸਨਗਰ ਬਾਰਡਰ ’ਤੇ ਘੇਰਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਬਲ ਦੰਗਾ ਰੋਕੂ ਸਾਜ਼ੋ-ਸਾਮਾਨ ਨਾਲ ਤਾਇਨਾਤ ਸਨ।

Advertisement

ਨਿਹੰਗ ਜਥੇਬੰਦੀਆਂ ਵੱਲੋਂ ਉੱਤਰਾਖੰਡ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਪੁਲੀਸ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ। ਇਹ ਤਣਾਅ ਹਾਲ ਹੀ ਵਿੱਚ ਕਰਨਪ੍ਰਯਾਗ ਅਤੇ ਨਗਰਾਸੂ ਗੁਰਦੁਆਰਿਆਂ ਨਾਲ ਜੁੜੇ ਵਿਵਾਦ ਤੋਂ ਬਾਅਦ ਵਧਿਆ ਸੀ।

Advertisement

ਮੁਹਾਲੀ ਤੋਂ ਰਵਾਨਾ ਹੋਇਆ ਸੀ ਜਥਾ

ਜਾਣਕਾਰੀ ਅਨੁਸਾਰ ਨਿਹੰਗ ਸਿੰਘਾਂ ਦਾ ਇਹ ਜਥਾ ਪੰਜਾਬ ਦੇ ਮੁਹਾਲੀ ਤੋਂ ਰਵਾਨਾ ਹੋਇਆ ਸੀ। ਉਨ੍ਹਾਂ ਨੂੰ ਉੱਤਰਾਖੰਡ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੁਲਹਾਲ ਚੌਕੀ ਇਲਾਕੇ ਨੂੰ ਸਖ਼ਤ ਸੁਰੱਖਿਆ ਵਾਲੇ ਖੇਤਰ ਵਿੱਚ ਤਬਦੀਲ ਕੀਤਾ ਗਿਆ ਸੀ।

ਪੁਲੀਸ ਸੁਪਰਡੈਂਟ ਪੰਕਜ ਗਰੋਲਾ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ।

ਗੱਲਬਾਤ ਵੀ ਰਹੀ ਬੇਨਤੀਜਾ

ਸਥਾਨਕ ਐੱਸਡੀਐੱਮ, ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਨਿਹੰਗ ਸਿੰਘਾਂ ਨਾਲ ਗੱਲਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ।

ਕੁਲਹਾਲ ਬਾਰਡਰ ’ਤੇ ਰੋਕੇ ਜਾਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।  ਨੀਲੇ ਬਾਣੇ ਪਾ ਕੇ ਅਤੇ ਤਲਵਾਰਾਂ, ਡੰਡਿਆਂ ਤੇ ਹੋਰ ਹਥਿਆਰਾਂ ਨਾਲ ਲੈਸ ਕਈ ਨਿਹੰਗ ਸਿੰਘਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਉਸ ਸਮੇਂ ਤੱਕ ਪੰਜਾਬ ਵਾਪਸ ਨਹੀਂ ਜਾਣਗੇ ਜਦੋਂ ਤੱਕ ਕਰਨਪ੍ਰਯਾਗ ਘਟਨਾ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।

ਜਥੇ ਦੇ ਇੱਕ ਨੁਮਾਇੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅਰਦਾਸ ਅਤੇ ਧਾਰਮਿਕ ਰੀਤਾਂ ਅਨੁਸਾਰ ਸ਼ਾਂਤੀਪੂਰਨ ਢੰਗ ਨਾਲ ਆਪਣੀ ਯਾਤਰਾ ਪੂਰੀ ਕਰਨਾ ਚਾਹੁੰਦੇ ਹਨ।

ਪੁਲੀਸ ਬੈਰੀਕੇਡ ਨੇੜੇ ਇਕੱਠੇ ਹੋਏ ਨਿਹੰਗ ਸਿੰਘ।
ਪੁਲੀਸ ਬੈਰੀਕੇਡ ਨੇੜੇ ਇਕੱਠੇ ਹੋਏ ਨਿਹੰਗ ਸਿੰਘ।

ਉਨ੍ਹਾਂ ਕਿਹਾ ਕਿ ਉਹ ਸਥਾਨਕ ਲੋਕਾਂ ਨਾਲ ਟਕਰਾਅ ਦੀ ਥਾਂ ਸਮਝੌਤੇ ਰਾਹੀਂ ਵਿਵਾਦ ਦਾ ਹੱਲ ਚਾਹੁੰਦੇ ਹਨ। ਨੁਮਾਇੰਦੇ ਨੇ ਇਹ ਵੀ ਦਾਅਵਾ ਕੀਤਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਗ੍ਰਿਫ਼ਤਾਰ ਨਿਹੰਗਾਂ ਦੀ ਜ਼ਮਾਨਤ ਦੀ ਕਾਰਵਾਈ ਕੁਝ ਦਿਨਾਂ ਵਿੱਚ ਪੂਰੀ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਸਥਾਨਕ ਲੋਕਾਂ ਅਤੇ ਇੱਕ ਹੋਰ ਨਿਹੰਗ ਜਥੇ ਵਿਚਾਲੇ ਹੋਇਆ ਇੱਕ ਛੋਟਾ ਵਿਵਾਦ ਹਿੰਸਕ ਝੜਪ ਵਿੱਚ ਬਦਲ ਗਿਆ ਸੀ।

ਘਟਨਾ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰਕੇ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੇ ਇਸ ਕਾਰਵਾਈ ਨੂੰ ਇਕਪਾਸੜ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ ਸੀ।

ਫਿਲਹਾਲ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਪੁਲੀਸ ਤੇ ਪ੍ਰਸ਼ਾਸਨ ਲਗਾਤਾਰ ਹਾਲਾਤ ’ਤੇ ਨਜ਼ਰ ਰੱਖੇ ਹੋਏ ਹਨ।

Advertisement
×