Punjab Congress Conflict: ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ: ਵੜਿੰਗ ਵਿਰੋਧੀ ਧੜੇ ਨੇ ਕੀਤੀ ਮੀਟਿੰਗ
ਵਿਰੋਧੀਆਂ ਨੇ ਹੱਥ ਮਿਲਾਏ; ਬਘੇਲ ਦੇ ਪੁੱਜਣ ਤੋਂ ਪਹਿਲਾਂ ਨਵੀਂ ਚੁਣੌਤੀ
ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਵਿਰੋਧੀ ਧੜਾ ਇੱਕਜੁੱਟ ਹੋ ਗਿਆ ਹੈ। ਅਹਿਮ ਸੂਤਰਾਂ ਅਨੁਸਾਰ ਵਿਰੋਧੀ ਧੜਿਆਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਹੋਈ ਅਹਿਮ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਹੈ ਕਿ ਵੜਿੰਗ ਵਿਰੋਧੀ ਧੜੇ ਦਾ ਕੋਈ ਵੀ ਆਗੂ ਰਾਜਾ ਵੜਿੰਗ ਦੀ ਅਗਵਾਈ ’ਚ ਹੋਣ ਵਾਲੇ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋਵੇਗਾ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਇਕੱਠ ਮਗਰੋਂ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਨੇ ਆਪਸ ’ਚ ਹੱਥ ਮਿਲਾ ਲਏ ਹਨ। ਅੱਜ ਮੁਹਾਲੀ ’ਚ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ ਹੈ।
ਮੁਹਾਲੀ ਵਿੱਚ ਹੋਈ ਮੀਟਿੰਗ
ਮੁਹਾਲੀ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ। ਮੀਟਿੰਗ ’ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਿਸੇ ਚੋਣ ਦੇ ਰੁਝੇਵੇਂ ਕਾਰਨ ਸ਼ਾਮਲ ਨਹੀਂ ਸਨ ਪ੍ਰੰਤੂ ਉਨ੍ਹਾਂ ਦੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਇਸ ਮੀਟਿੰਗ ’ਚ ਹਾਜ਼ਰ ਸਨ।
ਪ੍ਰਤਾਪ ਬਾਜਵਾ ਨਹੀਂ ਰਹੇ ਹਾਜ਼ਰ
ਸੂਤਰ ਦੱਸਦੇ ਹਨ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ’ਚ ਸ਼ਾਮਲ ਹੋਣ ਦੀ ਹਾਮੀ ਭਰੀ ਸੀ ਪ੍ਰੰਤੂ ਉਹ ਮੀਟਿੰਗ ’ਚ ਹਾਜ਼ਰ ਨਹੀਂ ਸਨ। ਸੂਤਰਾਂ ਅਨੁਸਾਰ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਕਿ ਵੜਿੰਗ ਖ਼ਿਲਾਫ਼ ਉਹ ਇੱਕਜੁੱਟ ਰਹਿਣਗੇ ਤੇ ਵੜਿੰਗ ਦੇ ਕਿਸੇ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ। ਅੱਜ ਵੜਿੰਗ ਖ਼ਿਲਾਫ਼ ਖ਼ਾਕਾ ਵੀ ਤਿਆਰ ਕੀਤਾ ਗਿਆ ਤਾਂ ਜੋ ਹਾਈਕਮਾਂਡ ਨੂੰ ਜਾਣੂ ਕਰਾਇਆ ਜਾ ਸਕੇ।
ਇਸ ਖ਼ਾਕੇ ਅਨੁਸਾਰ ਰਾਜਾ ਵੜਿੰਗ ਦੀ ਬਿਆਨਬਾਜ਼ੀ ਕਾਰਨ ਜ਼ਮੀਨੀ ਪੱਧਰ ’ਤੇ ਕਾਂਗਰਸ ਨੂੰ ਵੱਜੀ ਸਿਆਸੀ ਸੱਟ ਦਾ ਜ਼ਿਕਰ ਹੈ। ਮੀਟਿੰਗ ’ਚ ਚਰਚਾ ਹੋਈ ਕਿ ਵੜਿੰਗ ਦੇ ਮਰਹੂਮ ਬੂਟਾ ਸਿੰਘ ਬਾਰੇ ਬਿਆਨਬਾਜ਼ੀ ਕਰਕੇ ਦਲਿਤ ਭਾਈਚਾਰਾ ਨਾਰਾਜ਼ ਹੋ ਗਿਆ ਸੀ ਅਤੇ ਤਰਨ ਤਾਰਨ ਵਿਚਲੇ ਬਿਆਨਾਂ ਕਰਕੇ ਸਿੱਖ ਭਾਈਚਾਰਾ ਵੀ ਔਖ ’ਚ ਹੈ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਖ਼ਿਲਾਫ਼ ਬਿਆਨਬਾਜ਼ੀ ਕਰਕੇ ਓ ਬੀ ਸੀ ਭਾਈਚਾਰਾ ਵੀ ਕਾਂਗਰਸ ਪ੍ਰਤੀ ਗਿਲਾ ਰੱਖ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਇਨ੍ਹਾਂ ਲੀਡਰਾਂ ਵੱਲੋਂ ਇਹ ਸੁਨੇਹਾ ਦਿੱਤਾ ਜਾਣਾ ਹੈ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਸਮਝਿਆ ਜਾਵੇ ਤੇ ਵੜਿੰਗ ਦੀ ਅਗਵਾਈ ’ਚ ਕਾਂਗਰਸ ਚੋਣਾਂ ਨਹੀਂ ਜਿੱਤ ਸਕੇਗੀ। ਅੱਜ ਭੁਪੇਸ਼ ਬਘੇਲ ਦੀ ਫੇਰੀ ਤੋਂ ਪਹਿਲਾਂ ਹੀ ਸਭਨਾਂ ਕਾਂਗਰਸੀ ਨੇਤਾਵਾਂ ਨੇ ਜੋਟੀ ਪਾ ਲਈ ਹੈ ਜੋ ਆਉਂਦੇ ਦਿਨਾਂ ’ਚ ਹਾਈਕਮਾਂਡ ਲਈ ਨਵੀਂ ਚੁਣੌਤੀ ਬਣੇਗੀ।
ਏਕੇ ’ਚ ਹੀ ਬਰਕਤ ਹੈ : ਵੜਿੰਗ
ਦੂਸਰੀ ਤਰਫ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੀ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ 2027 ਦੇ ਮੱਦੇਨਜ਼ਰ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਇਸ ਮੀਟਿੰਗ ’ਚ ਚੋਣ ਰਣਨੀਤੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਵੜਿੰਗ ਨੇ ‘ਮਿਸ਼ਨ 2027’ ਦੇ ਹਵਾਲੇ ਨਾਲ ਇਸ ਨੂੰ ਏਕੇ ’ਚ ਬਰਕਤ ਕਰਾਰ ਦਿੱਤਾ।
