ਭਾਜਪਾ ਨੇ ਸੁਖਨਾ ਝੀਲ ’ਤੇ ‘ਤਿਰੰਗਾ ਯਾਤਰਾ’ ਕੱਢੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਚੰਡੀਗੜ੍ਹ ਭਾਜਪਾ ਨੇ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਦੇ ਹੌਂਸਲੇ ਦੀ ਸ਼ਲਾਘਾ ਕਰਨ ਲਈ ਸੁਖਨਾ ਝੀਲ ’ਤੇ ਤਿਰੰਗਾ ਯਾਤਰਾ ਕੱਢੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ, ਨੌਜਵਾਨ, ਬਜ਼ੁਰਗ ਤੇ ਹਰ ਵਰਗ ਦੇ ਲੋਕਾਂ ਨੇ ਹੱਥ ਵਿੱਚ ਤਿਰੰਗਾ ਝੰਡਾ ਲੈ ਕੇ ‘ਭਾਰਤ ਮਾਤਾ ਕੀ ਜੈ, ਇੰਕਲਾਬ ਜ਼ਿੰਦਾਬਾਦ ਅਤੇ ਜੈ ਹਿੰਦ’ ਵਰਗੇ ਨਾਅਰੇ ਲਗਾਏ ਹਨ। ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ‘ਭਾਰਤ ਮਾਤਾ ਕੀ ਜੈ, ਇੰਕਲਾਬ ਜ਼ਿੰਦਾਬਾਦ ਅਤੇ ਜੈ ਹਿੰਦ’ ਵਰਗੇ ਨਾਅਰੇ ਲਗਾਉਣ ਨਾਲ ਸੁਖਨਾ ਝੀਲ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠੀ।
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਸਿਰਫ਼ ਫੌਜੀ ਜਿੱਤ ਨਹੀਂ, ਇਹ ਭਾਰਤ ਦੀ ਆਤਮਾ, ਹੌਂਸਲੇ ਅਤੇ ਇਕਜੁੱਟਤਾ ਦਾ ਪ੍ਰਤੀਕ ਹੈ। ਅੱਜ ਦੀ ਇਹ ਤਿਰੰਗਾ ਯਾਤਰਾ ਸਾਡੀ ਕੌਮੀ ਚੇਤਨਾ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨ ਦੇਣ ਵਾਲੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਤਿਰੰਗਾ ਯਾਤਰਾ ਦੌਰਾਨ ਭਾਜਪਾ ਵਰਕਰਾਂ ਨੇ ਦੇਸ਼ ਲਈ ਜਾਨ ਵਾਰਨ ਵਾਲੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮਲਹੋਤਰਾ ਨੇ ਕਿਹਾ ਕਿ ਭਾਜਪਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹਰੇਕ ਇਲਾਕੇ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ, ਜਿਸ ਵਿੱਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।