ਭਾਜਪਾ ਵੱਲੋਂ ਸਰਕਾਰ ਦੀ 12 ਵਰ੍ਹਿਆਂ ਦੀ ਕਾਰਗੁਜ਼ਾਰੀ ਦਾ ਗੁਣਗਾਣ
ਮੋਦੀ ਸਰਕਾਰ ਨੇ 25 ਲੱਖ ਲੋਕਾਂ ਨੂੰ ਗਰੀਬੀ ਰੇਖਾਂ ਤੋਂ ਬਾਹਰ ਕੱਢਿਆ: ਮਲਹੋਤਰਾ
ਚੰਡੀਗੜ੍ਹ ਭਾਜਪਾ ਨੇ ਕੇਂਦਰ ਵਿੱਚ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ’ਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਬੇਮਿਸਾਲ ਕਰਾਰਿਆ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਸੈਕਟਰ 33 ਸਥਿਤ ਭਾਜਪਾ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਸੇਵਾ, ਸੁਸ਼ਾਸਨ, ਗਰੀਬ ਕਲਿਆਣ, ਮਹਿਲਾ ਸਸ਼ਕਤੀਕਰਨ, ਸਮਾਜਿਕ ਨਿਆਂ, ਬੁਨਿਆਦੀ ਢਾਂਚੇ ਦੇ ਬੇਮਿਸਾਲ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੇ ਸੁਨਹਿਰੀ ਅਧਿਆਇ ਵਜੋਂ ਦਰਜ ਹੋਏ ਹਨ। ਮੋਦੀ ਸਰਕਾਰ ਨੇ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ’ਤੇ ਨਾਅਰੇ ਤਹਿਤ ਕੰਮ ਕਰਦਿਆਂ ਪਿਛਲੇ ਸਾਲਾਂ ਦੌਰਾਨ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ। ਜਨ ਧਨ ਯੋਜਨਾ ਤਹਿਤ 58 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ, ਜਿਨ੍ਹਾਂ ਵਿੱਚੋਂ 32 ਕਰੋੜ ਤੋਂ ਵੱਧ ਖਾਤੇ ਮਹਿਲਾਵਾਂ ਦੇ ਹਨ। ਕਰੋਨਾ ਮਹਾਂਮਾਰੀ ਤੋਂ ਲੈ ਕੇ ਹੁਣ ਤੱਕ ਦੇਸ਼ ਦੇ 81 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ।
ਸ੍ਰੀ ਮਲਹੋਤਰਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ 60 ਕਰੋੜ ਤੋਂ ਵੱਧ ਹੈਲਥ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਹਿਲੇ 67 ਸਾਲਾਂ ਵਿੱਚ ਸਿਰਫ਼ 74 ਹਵਾਈ ਅੱਡੇ ਸਨ, ਜਦਕਿ ਪਿਛਲੇ 12 ਸਾਲਾਂ ਵਿੱਚ 90 ਤੋਂ ਵੱਧ ਨਵੇਂ ਹਵਾਈ ਅੱਡੇ ਬਣਾਏ ਗਏ ਹਨ ਅਤੇ ਅੱਜ ਇਹ ਗਿਣਤੀ 164 ਤੋਂ ਵੱਧ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਕਸਿਤ ਭਾਰਤ-2047 ਦੇ ਸੰਕਲਪ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਾਲ 2047 ਤੱਕ ਭਾਰਤ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਵਜੋਂ ਉਭਰੇਗਾ।
‘ਆਪ’ ਨੇ ਭਾਜਪਾ ’ਤੇ ਸਵਾਲ ਚੁੱਕੇ
ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਨੇ ਭਾਜਪਾ ਦੇ 12 ਸਾਲਾਂ ਦੇ ਕਾਰਜਕਾਲ ’ਤੇ ਸਵਾਲ ਚੁੱਕੇ ਹਨ। ਚੰਡੀਗੜ੍ਹ ‘ਆਪ’ ਦੇ ਪ੍ਰਧਾਨ ਵਿਜੈ ਪਾਲ ਸਿੰਘ ਨੇ ਕਿਹਾ ਕਿ ਭਾਜਪਾ ਦੀ ਪੂਰੀ ਮੁਹਿੰਮ ਪ੍ਰਾਪਤੀਆਂ ਦੀ ਇਸ਼ਤਿਹਾਰਬਾਜ਼ੀ ’ਤੇ ਆਧਾਰਿਤ ਹੈ, ਜਦਕਿ ਜ਼ਮੀਨੀ ਪੱਧਰ ’ਤੇ ਜਨਤਾ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵੱਧ ਰਹੀ ਆਰਥਿਕ ਅਸਮਾਨਤਾ ਅਤੇ ਸਥਾਨਕ ਸਮੱਸਿਆਵਾਂ ਨਾਲ ਜੂਝ ਰਹੀ ਹੈ। ਜੇ ਪਿਛਲੇ 12 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਚੁੱਕੇ ਹਨ ਤਾਂ ਫਿਰ 81 ਕਰੋੜ ਲੋਕਾਂ ਨੂੰ ਅੱਜ ਵੀ ਮੁਫ਼ਤ ਰਾਸ਼ਨ ਦੇਣ ਦੀ ਲੋੜ ਕਿਉਂ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਪਾਸੇ ਗਰੀਬੀ ਖ਼ਤਮ ਹੋਣ ਦਾ ਦਾਅਵਾ ਕਰਦੀ ਹੈ ਅਤੇ ਦੂਜੇ ਪਾਸੇ ਦੇਸ਼ ਦੀ ਵੱਡੀ ਆਬਾਦੀ ਨੂੰ ਮੁਫ਼ਤ ਰਾਸ਼ਨ ’ਤੇ ਨਿਰਭਰ ਦੱਸਦੀ ਹੈ। ਭਾਜਪਾ ਸਰਕਾਰ ਜਨਧਨ ਖਾਤਿਆਂ, ਡੀਬੀਟੀ ਅਤੇ ਵੱਖ-ਵੱਖ ਯੋਜਨਾਵਾਂ ਦੇ ਅੰਕੜੇ ਗਿਣਾਉਣ ਵਿੱਚ ਰੁੱਝੀ ਹੋਈ ਹੈ, ਪਰ ਦੇਸ਼ ਦਾ ਆਮ ਨਾਗਰਿਕ ਅੱਜ ਵੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ।

